ਸਕੂਲ ਦਾ ਸਲਾਨਾ ਸਮਾਗਮ
Annual Day of My School
ਭੂਮਿਕਾ— ਸਕੂਲ ਦਾ ਸਲਾਨਾ ਸਮਾਗਮ ਸਕੂਲ ਦੇ ਇਤਿਹਾਸ ਵਿਚ ਇਕ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਇਹ ਆਮ ਤੌਰ ਤੇ ਜਨਵਰੀ ਜਾਂ ਫਰਵਰੀ ਵਿਚ ਮਨਾਇਆ ਜਾਂਦਾ ਹੈ। ਇਸ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਹੀ ਅਰੰਭ ਹੋ ਜਾਂਦੀਆਂ ਹਨ। ਸਕੂਲ ਨੂੰ ਬੜੀ ਚੰਗੀ ਤਰ੍ਹਾਂ ਸਜਾਇਆ ਅਤੇ ਸ਼ਿੰਗਾਰਿਆ ਜਾਂਦਾ ਹੈ।ਇਹ ਦਿਨ ਬੜਾ ਖੁਸ਼ੀਆਂ ਭਰਿਆ ਹੁੰਦਾ ਹੈ।
ਤਿਆਰੀ— ਇਸ ਸਾਲ ਸਾਡੇ ਸਕੂਲ ਦਾ ਸਲਾਨਾ ਸਮਾਗਮ 6 ਫਰਵਰੀ ਐਤਵਾਰ ਨੂੰ ਮਨਾਇਆ ਗਿਆ।ਸਾਡੇ ਅੰਗਰੇਜ਼ੀ ਦੇ ਅਧਿਆਪਕ ਸ੍ਰੀ ਸੇਵਾ ਸਿੰਘ ਜੀ ਨੇ ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਸ਼ੁਰੂ ਕੀਤੀ। ਵੱਖ-ਵੱਖ ਅਧਿਆਪਕਾਂ ਨੂੰ ਨਾਟਕ, ਫੈਂਸੀ-ਡਰੈਸ ਅਤੇ ਗੀਤਾਂ ਦੀ ਤਿਆਰੀ ਦਾ ਕੰਮ ਸੌਂਪਿਆ ਗਿਆ। ਸੰਗੀਤ ਵਾਲੇ ਆਧਿਆਪਕ ਨੂੰ ਸੰਗੀਤ ਦੇ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਦਾ ਆਦੇਸ ਹੋਇਆ। ਸਕੂਲ ਦੇ ਵਾਈਸ ਪ੍ਰਿੰਸੀਪਲ ਨੂੰ ਪੰਡਾਲ ਅਤੇ ਸਮੁੱਚੀ ਤਿਆਰੀ ਦਾ ਇੰਜਾਰਜ ਬਣਾਇਆ ਗਿਆ।
ਇਸ ਸਮਾਗਮ ਦਾ ਪ੍ਰਬੰਧ ਸਕੂਲ ਦੀ ਪ੍ਰਾਰਥਨਾ ਗਰਾਊਂਡ ਵਿਚ ਕੀਤਾ ਗਿਆ।ਗਰਾਉਂਡ ਵਿਚ ਸ਼ਾਮਿਆਨੇ ਲਾਏ ਗਏ ਅਤੇ ਸਾਫ਼-ਸੁਥਰੀਆਂ ਦਰੀਆਂ ਵਿਛਾ ਕੇ ਉਹਨਾਂ ਉੱਪਰ ਦਰਸ਼ਕਾਂ ਦੇ ਬੈਠਣ ਲਈ ਕੁਰਸੀਆਂ ਰੱਖੀਆਂ।ਸਾਹਮਣੇ ਸੁੰਦਰ ਪਰਦਿਆਂ ਨਾਲ ਸ਼ਿੰਗਾਰੀ ਹੋਈ ਸਟੇਜ ਬਣਾਈ ਗਈ। ਇਸ ਉੱਪਰ ਸਮਾਗਮ ਦੇ ਪ੍ਰਧਾਨ, ਪ੍ਰਿੰਸੀਪਲ ਸਾਹਿਬ, ਹੋਰਨਾਂ ਅਧਿਆਪਕਾਂ ਤੇ ਚੋਣਵੇਂ ਸ਼ਹਿਰੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ। ਸਾਰੇ ਪੰਡਾਲ ਨੂੰ ਸੁੰਦਰ ਝੰਡੀਆਂ ਤੇ ਫੁੱਲਾਂ ਨਾਲ ਸਜਾਇਆ ਗਿਆ। ਪੰਡਾਲ ਦੇ ਵਿਚ ਦਾਖਲ ਹੋਣ ਦੇ ਰਸਤੇ ਵਿਚ ਸਭ ਤੋਂ ਅਗੇ ਇਕ ਸੁੰਦਰ ਗੇਟ ਬਣਾਇਆ ਗਿਆ ਤੇ ਸਾਰੇ ਸਕੂਲ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ।
ਮੁੱਖ ਪ੍ਰਾਹੁਣੇ ਦਾ ਆਉਣਾ— ਇਸ ਸਮਾਗਮ ਦੀ ਪ੍ਰਧਾਨਗੀ ਸਿੱਖਿਆ ਮੰਤਰੀ ਨੇ ਕੀਤੀ। 11 ਵਜੇ ਉਹ ਸਕੂਲ ਵਿਚ ਪੁੱਜ ਗਏ।ਪ੍ਰਿੰਸੀਪਲ ਸਾਹਿਬ ਨੇ ਹੋਰਨਾਂ ਅਧਿਆਪਕਾਂ ਸਮੇਤ ਗੇਟ ਉੱਤੇ ਉਹਨਾਂ ਦਾ ਸਵਾਗਤ ਕੀਤਾ।ਇਸ ਸਮੇਂ ਸਕੂਲ ਦੇ ਬੈਂਡ ਨੇ ਉਹਨਾਂ ਦੇ ਮਾਣ ਵਿਚ ਮਿੱਠੀ ਧੁਨਵਜਾਈ। ਫਿਰ ਉਹਨਾਂ ਨੇ ਆਉਂਦੀਆਂ ਹੀ ਪ੍ਰਿੰਸੀਪਲ ਸਾਹਿਬ ਨਾਲ ਸਾਰੇ ਸਕੂਲ ਦਾ ਮੁਆਇਨਾ ਕੀਤਾ। ਉਹਨਾਂ ਸਕੂਲ ਦੀ ਲਾਇਬਰੇਰੀ ਅਤੇ ਬਗੀਚਾ ਵੀ ਦੇਖਿਆ।ਫਿਰ ਜਲਦੀ ਹੀ ਉਹ ਪੰਡਾਲ ਵਿਚ ਦਾਖਲ ਹੋ ਗਏ। ਸਾਰੇ ਵਿਦਿਆਰਥੀਆਂ ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਉਂਦੇ ਹੋਏਉਹਨਾਂ ਦਾ ਸਵਾਗਤ ਕੀਤਾ।
ਕਾਰਵਾਈ- ਸਮਾਗਮ ਦਾ ਅਰੰਭ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ‘ਦੇਸ਼ ਸ਼ਿਵਾ ਬਰ ਮੋਹਿ ਇਹ………..’ ਨਾਲ ਹੋਇਆ।ਫਿਰ ਪ੍ਰਿੰਸੀਪਲ ਸਾਹਿਬ ਨੇ ਉੱਠ ਕੇ ਸਿੱਖਿਆ ਮੰਤਰੀ ਜੀ ਨੂੰ ‘ਜੀ ਆਇਆਂ’ ਕਹਿੰਦੀਆਂ ਸਕੂਲ ਦੀ ਪਿਛਲੇ ਸਾਲ ਦੀ ਰਿਪੋਰਟ ਪੜ੍ਹੀ ਤੇ ਸਕੂਲ ਦੀਆਂ ਪ੍ਰਾਪਤੀਆਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ।ਇਸ ਤੋਂ ਪਿੱਛੋਂ ਕੁੱਝ ਵਿਦਿਆਰਥੀਆਂ ਨੇ ਗੀਤ ਗਾਏ।ਇਕ ਦੋ ਵਿਦਿਆਰਥੀਆਂ ਨੇ ਮੋਨੋ-ਐਕਟਿੰਗ ਪੇਸ਼ ਕੀਤੀ।ਇਕ ਸਕਿੱਟ ਵੀ ਪੇਸ਼ ਕੀਤੀ ਗਈ। ਦਰਸ਼ਕਾਂ ਨੇ ਕਲਾਕਾਰਾਂ ਦੇ ਇਸ ਪ੍ਰੋਗਰਾਮ ਨੂੰ ਬਹੁਤ ਸਲਾਹਿਆ।
ਪ੍ਰਧਾਨ ਜੀ ਦਾ ਭਾਸ਼ਨ— ਇਸ ਪਿੱਛੋਂ ਪ੍ਰਧਾਨ ਜੀ ਨੇ ਆਪਣੇ ਭਾਸ਼ਨ ਵਿਚ ਸਕੂਲ ਦੀਆਂ ਅਧਿਆਪਕਾਵਾਂ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ, ਅਨੁਸ਼ਾਸਨ ਦੀ ਪਾਲਣਾ ਕਰਨ, ਸਮਾਜ ਸੇਵਾ ਦੀ ਭਾਵਨਾ ਰੱਖਣ ਅਤੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ।
ਇਨਾਮ ਵੰਡੇ ਜਾਣੇ— ਇਸ ਪਿਛੋਂ ਸਕੂਲ ਦੇ ਵਾਈਸ ਪ੍ਰਿੰਸੀਪਲ ਨੇ ਜੋ ਕਿ ਸਟੇਜ ਸਕੱਤਰ ਸਨ, ਨੇ ਉਠ ਕੇ ਇਨਾਮ ਵੰਡਣ ਦੀ ਕਾਰਵਾਈ ਦਾ ਅਰੰਭ ਕੀਤਾ। ਉਹ ਭਿੰਨ-ਭਿੰਨ ਵਿਸ਼ਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਦਰਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਵਿਸ਼ੇਸ਼ਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ, ਗਾਇਕਾਂ ਤੇ ਵਕਤਾਵਾਂ ਨੂੰ ਵਾਰੀ-ਵਾਰੀ ਬੁਲਾ ਰਹੇ ਸਨ। ਸਾਰੇ ਵਿਸ਼ੇਸ਼ਤਾਵਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪ੍ਰਧਾਨ ਜੀ ਦੇ ਅਸ਼ੀਰਵਾਦ ਨਾਲ ਇਨਾਮ ਪ੍ਰਾਪਤ ਕਰ ਰਹੇ ਸਨ। ਇਹ ਦਿਲਚਸਪ ਕਾਰਵਾਈ ਲਗਭਗ ਅੱਧਾ ਘੰਟਾ ਚਲਦੀ ਰਹੀ।
ਛੁੱਟੀ ਦਾ ਐਲਾਨ— ਇਨਾਮ ਵੰਡਣ ਦੀ ਕਾਰਵਾਈ ਸਮਾਪਤ ਹੋਣ ਤੇ ਪ੍ਰਿੰਸੀਪਲ ਸਾਹਿਬ ਨੇ ਪ੍ਰਧਾਨ ਜੀ ਤੇ ਬਾਹਰੋਂ ਆਏ ਸਾਰੇ ਪ੍ਰਾਹੁਣਿਆਂ ਦਾ ਧੰਨਵਾਦ ਕੀਤਾ ਤੇ ਅਗਲੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ। ਇਹ ਸੁਣ ਕੇ ਸਾਰੇ ਵਿਦਿਆਰਥੀ ਖੁਸ਼ੀ ਵਿਚ ਤਾੜੀਆਂ ਮਾਰਨ ਲੱਗ ਪਏ।