ਵਰਖਾ ਰੁੱਤ
Varsha Rut
ਭੂਮਿਕਾ— ਭਾਰਤ ਰੁੱਤਾਂ ਦਾ ਦੇਸ ਹੈ।ਇੱਥੇ ਮੁੱਖ ਛੇ ਰੁੱਤਾਂ ਆਉਂਦੀਆਂ ਹਨ। ਗਰਮੀ, ਔੜ, ਵਰਖਾ, ਸਰਦੀ, ਪਤਝੜ ਅਤੇ ਬਸੰਤ।ਇਹਨਾਂ ਸਾਰੀਆਂ ਰੁੱਤਾਂ ਵਿਚੋਂ ਵਰਖਾ ਰੁੱਤ ਵੀ ਇਕ ਵਿਸ਼ੇਸ਼ ਅਤੇ ਨਿਰਾਲੀ ਰੁੱਤ ਹੈ। ਗਰਮੀ ਦੇ ਸਤਾਏ ਅਤੇ ਕੁਮਲਾਏ ਹੋਏ ਲੋਕ ਇਸ ਰੁੱਤ ਵਿਚ ਸੁੱਖ ਦਾ ਸਾਹ ਲੈਂਦੇ ਹਨ।ਕਿਸਾਨਾਂ ਦੀਆਂ ਅੱਖਾਂ ਆਕਾਸ਼ ਵੱਲ ਅੱਡੀਆਂ ਰਹਿੰਦੀਆਂ ਹਨ। ਉਹ ਆਪ- ਮੁਹਾਰੇ ਬੋਲ ਉਠਦੇ ਹਨ—
“ਰੱਬਾ-ਰੱਬਾ ਮੀਂਹ ਵਰਸਾ
ਗਰਮੀ ਦੇ ਕਹਿਰਾਂ ਤੋਂ ਸਾਨੂੰ ਬਚਾ।”
ਜੁਲਾਈ ਅਗਸਤ ਵਿਚ ਵਰਖਾ ਭਰ ਜੁਆਨ— ਜੁਲਾਈ-ਅਗਸਤ ਵਿਚ ਅਕਾਸ਼ ਤੇ ਹਰ ਵੇਲੇ ਕਾਲੇ ਬੱਦਲ ਛਾਏ ਰਹਿੰਦੇ ਹਨ।ਇਸ ਲਈ ਇਹਨਾਂ ਮਹਿਨੀਆਂ ਨੂੰ ਅਸੀਂ ਵਰਖਾ ਦੀ ਭਰ ਜੁਆਨੀ ਦੇ ਮਹੀਨੇ ਆਖ ਸਕਦੇ ਹਾਂ। ਕਾਲੀਆਂ ਘਟਾਵਾਂ ਨੂੰ ਦੇਖ ਕੇ ਮੋਰ ਅਤੇ ਪਪੀਹੇ ਮਸਤੀ ਵਿਚ ਆ ਕੇ ਉੱਚੀ-ਉੱਚੀ ਕੂਕਾਂ ਮਾਰਦੇ ਹਨ। ਮਨੁੱਖ ਦੀਆਂ ਜਵਾਨ ਸੱਧਰਾਂ ਮਚਲ ਉਠਦੀਆਂ ਹਨ। ਕੁਮਲਾਏ ਅਤੇ ਮੁਰਝਾਏ ਹੋਏ ਸਰੀਰ ਲਿਸ਼ਕਾਰੇ ਮਾਰਨ ਲੱਗ ਪੈਂਦੇ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਸਾਵਣ ਬਾਰੇ ਫੁਰਮਾਉਂਦੇ ਹਨ—
“ਸਾਵਣ ਸਰਸ ਮਨਾ ਘਣ ਵਰਸੈ ਰੁੱਤ ਆਏ।”
ਵਰਖਾ ਰੁੱਤ ਦੀ ਆਮਦ— ਅੰਤ ਲੋਕਾਂ ਦੀਆਂ ਅਰਦਾਸਾਂ ਸੁਣੀਆਂ ਜਾਂਦੀਆਂ ਹਨ। ਅਕਾਸ਼ ਤੋਂ ਮੀਂਹ ਦੀਆਂ ਕਣੀਆਂ ਡਿੱਗਣ ਦੀ ਦੇਰ ਹੁੰਦੀ ਹੈ ਕਿ ਲੋਕਾਂ ਦੇ ਮੂੰਹ ਤੇ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ।ਲੰਮੀ ਝੜੀ ਵਿਚ ਡੱਡੂਆਂ ਦੀਆਂ ਤਰਾਂ-ਤਰਾਂ ਦੀਆਂ ਅਵਾਜ਼ਾਂ ਅਜੀਬ ਹੀ ਰੰਗ ਬੰਨ੍ਹ ਦਿੰਦੀਆਂ ਹਨ।ਬੱਚੇ ਘਰਾਂ ਵਿਚੋਂ ਬਾਹਰ ਆ ਕੇ ਮੀਂਹ ਦੇ ਪਾਣੀਆਂ ਵਿਚ ਨੱਚਦੇ ਟੱਪਦੇ ਅਤੇ ਚੀਕ-ਚਿਹਾੜਾ ਪਾਉਂਦੇ ਹਨ—
“ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ।
ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰ੍ਹਾ ਦੇ ਜ਼ੋਰੋਂ ਜ਼ੋਰ।”
ਕੁਦਰਤ ਟਹਿਕ ਉਠਦੀ ਹੈ— ਵਰਖਾ ਸ਼ੁਰੂ ਹੁੰਦੀਆਂ ਹੀ ਬਨਸਪਤੀ ਮੁੜ ਖੇੜੇ ਅਤੇ ਖੁਸ਼ੀ ਵਿਚ ਟਹਿਕ ਪੈਂਦੀ ਹੈ। ਧਰਤੀ ਉੱਤੇ ਹਰਾ-ਹਰਾ ਘਾਹ ਵਿਛ ਜਾਂਦਾ ਹੈ। ਰੁੱਖਾਂ ਦੀਆਂ ਸੁੱਕੀਆਂ ਹੋਈਆਂ ਟਹਿਣੀਆਂ ਨੂੰ ਨਰਮ-ਨਰਮ ਕਰੂੰਬਲਾਂ ਫੁੱਟ ਪੈਂਦੀਆਂ ਹਨ। ਜਿੱਧਰ ਵੀ ਨਜ਼ਰ ਫੇਰੋ ਹਰਿਆਵਲ ਹੀ ਹਰਿਆਵਲ ਦਿਖਾਈ ਦਿੰਦੀ ਹੈ।
ਸਾਰਿਆਂ ਦੀ ਖੁਸ਼ੀ— ਸਾਉਣ ਦੀ ਵਰਖਾ ਰੁੱਤ ਦਾ ਮਹੀਨਾ ਹਰੇਕ ਪਿਆਰਾ ਲੱਗਦਾ ਹੈ।ਨਵ-ਵਿਆਹੀਆਂ ਮੁਟਿਆਰਾਂ ਇਸ ਰੁੱਤੇ ਆਪਣੇ ਪੇਕੇ ਘਰ ਆ ਕੇ ਪੁਰਾਣੀਆਂ ਸਹੇਲੀਆਂ ਨੂੰ ਮਿਲ ਕੇ ਖੂਬ ਨੱਚਦੀਆਂ, ਪੀਂਘਾਂ ਝੂਟਦੀਆਂ, ਗੀਤ ਗਾਉਂਦੀਆਂ ਅਤੇ ਖੁਸ਼ੀ ਮਨਾਉਂਦੀਆਂ ਹਨ, ਕਈ ਮੁਟਿਆਰਾਂ ਜਿੰਨ੍ਹਾਂ ਦੇ ਪਤੀ ਪ੍ਰਦੇਸ ਨੌਕਰੀ ਤੇ ਗਏ ਹੁੰਦੇ ਹਨ, ਉਹ ਉਨ੍ਹਾਂ ਦੀ ਯਾਦ ਵਿਚ ਝੁਰਦੀਆਂ ਇੰਝ ਆਖਦੀਆਂ ਹਨ—
“ਤੇਰੀ ਦੋ ਟਕਿਆਂ ਦੀ ਨੌਕਰੀ ਵੇ ਮੇਰਾ ਲੱਖਾਂ ਦਾ ਸਾਵਣ ਜਾਏ।”
ਵਰਖਾ ਦੇ ਲਾਭ — ਵਰਖਾ ਰੁੱਤ ਆਉਂਦੀ ਹੈ ਤਾਂ ਵਾਯੂਮੰਡਲ ਦਾ ਗੰਦ-ਮੰਦ ਹੁੰਝ ਕੇ ਲੈ ਜਾਂਦੀ ਹੈ। ਕਿਸਾਨਾਂ ਲਈ ਇਹ ਰੁੱਤ ਇਕ ਵਰਦਾਨ ਹੈ।ਪੰਜਾਬ ਦੀ ਖੇਤੀ ਵਰਖਾ ਉੱਤੇ ਹੀ ਨਿਰਭਰ ਕਰਦੀ ਹੈ।ਜੇਕਰ ਵਰਖਾ ਨਾ ਹੋਵੇ ਤਾਂ ਕਿਸਾਨਾਂ ਦੀਆਂ ਫ਼ਸਲਾਂ ਤਿਹਾਈਆਂ ਹੀ ਸੁੱਕ-ਸੜ ਜਾਣ ਅਤੇ ਦੇਸ ਵਿਚ ਕਾਲ ਪੈ ਜਾਵੇ। ਵਰਖਾ ਦਾ ਪਾਣੀ ਇੱਕਠਾ ਕਰਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ।
ਵਰਖਾ ਤੋਂ ਹਾਨੀਆਂ— ਜਿੱਥੇ ਇਸ ਰੁੱਤ ਬਿਨਾਂ ਸਾਡਾ ਗੁਜ਼ਾਰਾ ਨਹੀਂ, ਉੱਥੇ ਕਈ ਵਾਰ ਇੰਦਰ ਦੇਵਤਾ ਵੀ ਕਰੋਪਦਿਖਾਉਂਦਾ ਹੈ।ਕਈ-ਕਈ ਦਿਨ ਲਗਾਤਾਰ ਮੀਂਹ ਪੈਣ ਨਾਲ ਹੜ੍ਹ ਆ ਜਾਂਦੇ ਹਨ। ਫ਼ਸਲਾਂ ਅਤੇ ਕੱਚੇ ਕੋਠੇ ਤਬਾਹ ਹੋ ਜਾਂਦੇ ਹਨ। ਕਿਸੇ ਨੇ ਠੀਕ ਹੀ ਆਖਿਆ ਹੈ—
“ਵੀਰਵਾਰ ਦੀ ਝੜੀ, ਨਾ ਕੋਠਾ ਨਾ ਕੜੀ।“
ਸਾਰਾਂਸ਼— ਵਰਖਾ ਦਾ ਮੌਸਮ ਉੱਤੇ ਵੀ ਬਹੁਤ ਪ੍ਰਭਾਵ ਹੁੰਦਾ ਹੈ। ਜੇ ਸਾਵਣ-ਭਾਦੋਂ ਦੇ ਮਹੀਨੇ ਵਿਚ ਬਹੁਤਾ ਮੀਂਹ ਪਵੇ ਤਾਂ ਕੱਤਕ, ਮੱਘਰ ਦੇ ਮਹੀਨਿਆਂ ਵਿਚ ਬਹੁਤ ਪਾਲਾ ਪੈਂਦਾ ਹੈ। ਮੁੱਕਦੀ ਗੱਲ ਇਹ ਕਿ ਇਸ ਮਨ ਲੁਭਾਉਂਦੀ ਰੁੱਤ ਦੇ ਭਾਵੇਂ ਕੁਝ ਇੱਕ ਨੁਕਸਾਨ ਹਨ, ਪਰ ਇਸ ਦੇ ਆਗਮਨ ਨੂੰ ਲੋਕ ਚਾਵਾਂ ਅਤੇ ਮਲ੍ਹਾਰਾਂ ਨਾਲ ਜੀ ਆਇਆ ਨੂੰ ਆਖਦੇ ਹਨ।