ਵਧਦੀ ਅਬਾਦੀ ਦੀ ਸਮੱਸਿਆ
Vadhdi Aabadi di Samasiya
ਭੂਮਿਕਾ- ਹਰੇਕ ਦੇਸ ਨੂੰ ਆਪਣੇ ਨਿੱਤ ਦੇ ਕੰਮ-ਕਾਰ ਚਲਾਉਣ ਅਤੇ ਤਰੱਕੀ ਕਰਨ ਦੀ ਲੋੜ ਹੁੰਦੀ ਹੈ। ਇਹ ਸ਼ਕਤੀ ਉਸ ਦੇਸ ਦੀ ਵਸੋਂ ਦੀ ਹੁੰਦੀ ਹੈ। ਜੇਕਰ ਵਸੋਂ ਇੰਨੀ ਵਧ ਜਾਵੇ ਕਿ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੇਸ ਵਿਚ ਵਸਤੂਆਂ ਅਤੇ ਸਾਧਨਾਂ ਦੀ ਘਾਟ ਹੋ ਜਾਵੇ ਤਾਂ ਉਸ ਦੇਸ ਦੀ ਅਬਾਦੀ ਜਾਂ ਵਸੋਂ ਦਾ ਵਾਧਾ ਉਸ ਦੇਸ ਲਈ ਇਕ ਸਮੱਸਿਆ ਬਣ ਜਾਂਦਾ ਹੈ।
ਭਾਰਤ ਵਿਚ ਇਸ ਸਮੱਸਿਆ ਦਾ ਸਾਹਮਣਾ—ਅੱਜ ਭਾਰਤ ਨੂੰ ਵਧਦੀ ਆਬਾਦੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਤੇਜ਼ੀ ਨਾਲ ਵੱਧ ਰਹੀ ਭਾਰਤ ਦੀ ਆਬਾਦੀ ਨੂੰ ਵੱਧਣ ਤੋਂ ਠਲ੍ਹ ਪਾਉਣ ਲਈ ਸਰਕਾਰ ਨੂੰ ਇਸਦੇ ਵਾਧੇ ਨੂੰ ਰੋਕਣ ਦੇ ਉਪਾਅ ਵੀ ਕਰਨੇ ਪੈ ਰਹੇ ਹਨ, ਪਰ ਇਹ ਸਮੱਸਿਆ ਹਾਲੇ ਉਸ ਤਰ੍ਹਾਂ ਖੜ੍ਹੀ ਹੈ।
ਆਬਾਦੀ ਦਾ ਵਾਧਾ ਤੇ ਸਮੱਸਿਆਵਾਂ- ਵਿਦਵਾਨਾਂ ਦਾ ਵਿਚਾਰ ਹੈ ਕਿ ਸੰਨ 1830 ਤੱਕ ਸੰਸਾਰ ਦੀ ਕੁੱਲ ਆਬਾਦੀ ਇਕ ਅਰਬ ਦੇ ਲਗਭਗ ਸੀ। ਸੰਨ 1930 ਤੱਕ ਆਬਾਦੀ ਦੁਗਣੀ ਹੋ ਗਈ।ਆਬਾਦੀ ਵਿਚ ਤੇਜ਼ੀ ਨਾਲ ਵਾਧਾ ਹੋਣ ਦੇ ਕਾਰਨ ਸੰਨ 1960 ਤੱਕ ਲਗਭਗ 3 ਅਰਬ ਮਨੁੱਖ ਇਸ ਧਰਤੀ ਉੱਤੇ ਵਿਚਰਨ ਲੱਗੇ।ਵਾਧੇ ਦੀ ਇਹ ਦਰ ਘਟੀ ਨਹੀਂ ਅਤੇ 11 ਜੁਲਾਈ ਸੰਨ 1987 ਨੂੰ ਯੁਗੋਸਲਾਵੀਆ ਵਿਚ ਸੰਸਾਰ ਦੇ ਪੰਜ ਅਰਬ ਬੱਚਿਆਂ ਨੇ ਇਸ ਧਰਤੀ ਉੱਤੇ ਜਨਮ ਲਿਆ।ਭਵਿੱਖ ਦੀ ਗਿਣਤੀ ਦੇ ਬਾਰੇ ਅਨੁਮਾਨ ਹੈ ਕਿ ਸੰਨ 2000 ਤੱਕ ਸੰਸਾਰ ਦੀ ਆਬਾਦੀ ਲਗਭਗ 6 ਅਰਬ ਤੋਂ ਵੀ ਵਧ ਹੋ ਜਾਵੇਗੀ। ਭਾਰਤ ਸੰਸਾਰ ਵਿਚ ਆਬਾਦੀ ਦੀ ਦ੍ਰਿਸ਼ਟੀ ਤੋਂ ਚੀਨ ਦੇ ਪਿੱਛੋਂ ਆਉਂਦਾ ਹੈ ਅਤੇ ਸੰਸਾਰ ਦੀ 16%ਆਬਾਦੀ ਭਾਰਤ ਵਿਚ ਰਹਿੰਦੀ ਹੈ। ਸੰਨ 1881ਵਿਚ ਭਾਰਤ ਦੀ ਅਬਾਦੀ 23.7ਕਰੋੜ ਸੀ ਅਤੇ ਮਾਰਚ 1991ਨੂੰ 84.4ਕਰੋੜ ਹੋ ਗਈ। ਸਤੰਬਰ 1993ਨੂੰ ਇਹ ਆਬਾਦੀ 88ਕਰੋੜ ਤੋਂ ਵੀ ਵਧ ਵਧੀ ਹੈ ਅਤੇ ਕੁਲ ਵਾਧੇ ਦਾ 23.5%ਹੈ। ਇਕਅਨੁਮਾਨ ਦੇ ਅਨੁਸਾਰ ਇਹ ਆਬਾਦੀ ਹੁਣ ਤੱਕ ਇਕ ਅਰਬ ਤੋਂ ਜ਼ਿਆਦਾ ਹੋ ਗਈ ਹੈ। ਇਸੇ ਦਰ ਨਾਲ ਆਬਾਦੀ ਵਿਚ ਵਾਧਾ ਹੋਣ ਦੇ ਕਾਰਨ ਭਾਰਤ ਆਬਾਦੀ ਵਿਸਫੋਟ ਧਮਾਕੇ ਵਿਚ ਅੱਗੇ ਵਧ ਰਿਹਾ ਹੈ।
ਆਬਾਦੀ ਤੋਂ ਪੈਦਾ ਹੋਈਆਂ ਸਮੱਸਿਆਵਾਂ ਵਿਚ ਖਾਧ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ।ਭਾਵੇਂ ਸਾਡਾ ਦੇਸ ਖੇਤੀ ਪ੍ਰਧਾਨ ਹੈ ਤਾਂ ਵੀ ਆਪਣੇ ਦੇਸ ਦੀ ਅੰਨ-ਸਮੱਸਿਆ ਨੂੰ ਹੱਲ ਕਰਨ ਵਿਚ ਸਫਲਤਾ ਨਹੀਂ ਮਿਲ ਰਹੀ। ਸਿਹਤ ਦੇ ਖੇਤਰ ਵਿਚ ਵੀ ਭੈੜੀ ਹਾਲਤ ਦੇਖੀ ਜਾਂਦੀ ਹੈ। ਬਰੋਜ਼ਗਾਰੀ ਦੀ ਸਮੱਸਿਆ ਤਾਂ ਮਹਾਂਮਾਰੀ ਵਾਂਗ ਵਧਦੀ ਜਾ ਰਹੀ ਹੈ। ਤੇਜ਼ ਗਤੀ ਨਾਲ ਵਧਣ ਵਾਲੀ ਆਬਾਦੀ ਲਈ ਰੋਜ਼ਗਾਰ ਦੇ ਇੰਨੇ ਮੌਕੇ ਪ੍ਰਾਪਤ ਨਹੀਂ ਹੋ ਸਕਦੇ।
ਜਨਮ ਦਰ ਘਟਾਉਣ ਦੇ ਸਾਧਨ– ਮੌਤ ਦੀ ਦਰ ਘਟਾਉਣ ਦੇ ਨਾਲ-ਨਾਲ ਜਨਮ ਦੀ ਦਰ ਘਟਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ, ਭਾਵੇਂ ਜਨਮ-ਦਰ ਪਹਿਲਾਂ ਨਾਲੋਂ ਘੱਟੀ ਹੈ ਪਰ ਇਹ ਘੱਟੀ ਹੋਈ ਦਰ ਹਾਲੇ ਸਮੱਸਿਆ ਨੂੰ ਹੱਲ ਕਰਨ ਵਿਚ ਪੂਰੀ ਤਰ੍ਹਾਂ ਸਹਾਇਕ ਸਿੱਧ ਨਹੀਂ ਹੋ ਸਕੀ। ਜਨਮ-ਦਰ 42 ਪ੍ਰਤੀ ਹਜ਼ਾਰ ਸਾਲਾਨਾ ਤੋਂ ਘੱਟ ਕੇ 34 ਪ੍ਰਤੀ ਹਜ਼ਾਰ ਸਾਲਾਨਾ ਹੋ ਗਈ ਹੈ।
ਪਰਿਵਾਰਿਕ ਵਾਧਾ—ਹੁਣ ਪਰਿਵਾਰ ਵੱਡੇ ਹੁੰਦੇ ਜਾ ਰਹੇ ਹਨ। ਵੱਡਾ ਪਰਿਵਾਰ ਦੇਸ ਲਈ ਬੇਲੋੜਾ ਭਾਰ ਹੀ ਨਹੀਂ ਹੁੰਦਾ, ਸਗੋਂ ਪਰਿਵਾਰਿਕ ਸਮੱਸਿਆਵਾਂ ਵੀ ਪੈਦਾ ਕਰਦਾ ਹੈ। ਬਹੁਤ ਬੱਚਿਆ ਵਾਲੇ ਪਰਿਵਾਰ ਦਾ ਜੀਵਨ-ਪੱਧਰ ਉੱਚਾ ਨਹੀਂ ਹੋ ਸਕੇਗਾ।ਆਮਦਨ ਦਾ ਵਧੇਰੇ ਹਿੱਸਾ ਬੱਚਿਆਂ ਦੇ ਖਾਣ-ਪੀਣ ਅਤੇ ਉਨ੍ਹਾਂ ਦੀਆਂ ਹੋਰ ਦੂਜੀਆਂ ਲੋੜਾਂ ਪੂਰੀਆਂ ਕਰਨ ਤੇ ਖ਼ਰਚ ਹੋ ਜਾਵੇਗਾ।ਇਸ ਵੱਡੇ ਪਰਿਵਾਰ ਦੀ ਦੇਸ ਨੂੰ ਵੀ ਹਾਨੀ ਹੈ। ਸਰਕਾਰ ਦੁਆਰਾ ਵੱਖ-ਵੱਖ ਸਾਧਨਾਂ ਨਾਲ ਦੇਸ਼ ਦੀ ਜਿਹੜੀ ਉਪਜ ਵਧਦੀ ਰਹੀ ਹੈ, ਉਹ ਸਾਰੀ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਹੀ ਲੱਗ ਜਾਵੇਗੀ।
ਸਮੱਸਿਆਵਾਂ ਦਾ ਸਰਕਾਰੀ ਹੱਲ—ਸਰਕਾਰ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਅਨੇਕਾਂ ਯੋਜਨਾਵਾਂ ਚਾਲੂ ਕੀਤੀਆਂ ਹਨ।ਲੋੜ ਨਾਲੋਂ ਵੱਧ ਵਸੋਂ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਬਾਰੇ ਸਕੂਲ ਦੀਆਂ ਪਾਠ ਪੁਸਤਕਾਂ ਵਿਚ ਸਮੱਗਰੀ ਸ਼ਾਮਿਲ ਕੀਤੀ ਜਾਵੇਗੀ ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ ਵਿਦਿਆਰਥੀ ਆਬਾਦੀ ਦੀਆਂ ਸਮੱਸਿਆਵਾਂ ਤੋਂ ਸੁਚੇਤ ਹੋ ਜਾਣਗੇ ਅਤੇ ਬਾਲਗ਼ ਉਮਰ ਵਿਚ ਇਸ ਸਮੱਸਿਆ ਨੂੰ ਦੂਰ ਕਰਨ ਲਈ ਤਿਆਰ ਹੋਣਗੇ। ਸਰਕਾਰ ਨੇ ਪਰਿਵਾਰ ਭਲਾਈ ਦੀਆਂ ਸਕੀਮਾਂ ਬਣਾਈਆਂ ਹਨ।ਇਨ੍ਹਾਂ ਯੋਜਨਾਵਾਂ ਅਧੀਨ ਹੀ ਵਿਆਹੇ ਜੋੜਿਆਂ ਨੂੰ ਛੋਟੇ ਪਰਿਵਾਰ ਰੱਖਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ। ਸਰਕਾਰ ਨੇ ਪਰਿਵਾਰ ਨਿਯੋਜਨ ਨੂੰ ਆਪਣੀ ਨੀਤੀ ਵਿਚ ਬਹੁਤ ਮਹੱਤਵ ਦਿੱਤਾ ਹੈ ਅਤੇ ਉਸ ਦੇ ਪ੍ਰਚਾਰ ਲਈ ਕਰੋੜਾਂ ਰੁਪਏ ਖ਼ਰਚ ਕਰਨ ਦਾ ਫ਼ੈਸਲਾ ਕੀਤਾ ਹੈ।ਇਸ ਮਨੋਰਥ ਲਈ ਸਰਕਾਰ ਨੇ ਪਿੰਡ-ਪਿੰਡ ਪਰਿਵਾਰ ਪੱਧਰ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਹੈ।ਲੋਕਾਂ ਨੂੰ ਬੱਚੇ ਨਾ ਪੈਦਾ ਹੋਣ ਦੇ ਤਰੀਕੇ ਸਮਝਾਏ ਜਾਂਦੇ ਹਨ ਅਤੇ ਇਸ ਸੰਬੰਧ ਵਿਚ ਉੱਚਿਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਸਾਰਾਂਸ਼—ਵੱਧਦੀ ਆਬਾਦੀ ਦੀ ਸਮੱਸਿਆ ਸਮੁੱਚੇ ਦੇਸ਼ ਅਤੇ ਸਮਾਜ ਦੀ ਸਮੱਸਿਆ ਹੈ ਸਰਕਾਰ ਤੋਂ ਇਲਾਵਾ ਲੋਕਾਂ ਨੇ ਵੀ ਇਸ ਸਮੱਸਿਆ ਦੇ ਮਹੱਤਵ ਨੂੰ ਸਮਝ ਲਿਆ ਹੈ। ਸਮਾਜ ਸੇਵਕਸੰਸਥਾਂਵਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਇਸ ਸਮੱਸਿਆ ਨੂੰ ਰੋਕਣ ਲਈ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨ ਵਿਚ ਸਹਾਇਤਾ ਕਰਨ।ਲੋਕਾਂ ਨੂੰ ਸੀਮਿਤ ਅਤੇ ਛੋਟਾ ਪਰਿਵਾਰ ਦਾ ਦ੍ਰਿਸ਼ਟੀਕੋਣ ਅਪਣਾਉਣਾ ਹੀ ਚਾਹੀਦਾ ਹੈ। ਇਸ ਵਿਚ ਹੀ ਉਨ੍ਹਾਂ ਦੀ ਆਪਣੀ ਅਤੇ ਦੇਸ਼ ਦੀ ਭਲਾਈ ਦਾ ਭੇਦਲੁਕਿਆ ਹੋਇਆ ਹੈ।