ਮਹਿੰਗਾਈ ਦੀ ਸਮੱਸਿਆ
Mehangai di Samasya
ਜਾਂ
ਹਾਏ ਮਹਿੰਗਾਈ
Haye Mehangai
ਭੂਮਿਕਾ- ਮਨੁੱਖ ਦੀ ਮੁੱਖ ਲੋੜ ਰੋਟੀ, ਕੱਪੜਾ ਅਤੇ ਮਕਾਨ ਜਾਂ ਕੁੱਲੀ, ਗੁੱਲੀ ਤੇ ਜੁੱਲੀ ਹੈ।ਪਾਉਣ ਲਈ ਕੱਪੜਾ, ਖਾਣ ਲਈ ਰੋਟੀ ਅਤੇ ਰਹਿਣ ਲਈ ਮਕਾਨ ਮਿਲ ਜਾਵੇ ਤਾਂ ਮਨੁੱਖ ਦੇ ਸਾਰੇ ਝਗੜੇ ਮੁੱਕ ਜਾਂਦੇ ਹਨ। ਅਰਥਸ਼ਾਸਤਰੀਆਂ ਦੇ ਅਨੁਸਾਰ ਦੇਸ਼ ਦੀ ਖੁਸ਼ਹਾਲੀ ਅਤੇ ਸੰਪੰਨਤਾ ਲਈ ਦੇਸ ਦੇ ਹਰੇਕ ਨਾਗਰਿਕ ਨੂੰ ਭੋਜਨ ਮਿਲਣਾ ਜ਼ਰੂਰੀ ਹੈ।
ਮੁੱਲ ਵਾਧੇ ਦਾ ਸਰੂਪ—ਮੁੱਲ ਵਾਧਾ ਜਾਂ ਮਹਿੰਗਾਈ ਕੀ ਹੈ? ਰੋਜ਼ਾਨਾ ਜੀਵਨ ਦੀਆਂ ਜ਼ਰੂਰੀ ਵਸਤੂਆਂ ਦੇ ਮੁੱਲ ਵੱਧ ਜਾਂਦੇ ਹਨ ਅਤੇ ਸਧਾਰਨ ਲੋਕ ਦੁੱਖੀ ਹੁੰਦੇ ਹਨ ਤਾਂ ਸਮਾਜ ਵਿਚ ਅਸ਼ਾਂਤੀ ਫੈਲ ਜਾਂਦੀ ਹੈ। ਅੱਜਕਲ੍ਹ ਵੀ ਖੰਡ, ਆਟਾ, ਤੇਲ, ਗੈਸ, ਪੈਟਰੋਲ ਦੀਆਂ ਕੀਮਤਾਂ ਅਕਾਸ਼ ਨੂੰ ਛੂਹ ਰਹੀਆਂ ਹਨ। ਸਪੱਸ਼ਟ ਹੈ ਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਮੁੱਲ ਵੱਧ ਜਾਣਾ ਹੀ ਮਹਿੰਗਾਈ ਅਖਵਾਉਂਦੀ ਹੈ। ਵਰਤਮਾਨ ਭਾਰਤ ਵਿਚ ਇਸ ਮਹਿੰਗਾਈ ਦੇ ਕਾਰਨ ਹੀ ਵਰਗ-ਭੇਦ ਵਧੇ ਹਨ ਅਤੇ ਗ਼ਰੀਬ ਵਿਅਕਤੀ, ਮਜ਼ਦੂਰ ਵਰਗ ਵਧਦੀ ਹੋਈ ਮਹਿੰਗਾਈ ਦੇ ਚੱਕਰ ਵਿਚ ਪਿਸਦੇ ਜਾ ਰਹੇ ਹਨ। ਇਸ ਲਈ ਮਹਿੰਗਾਈ ਨਿੱਜੀ ਸ਼ਾਂਤੀ ਅਤੇ ਰਾਸ਼ਟਰੀ ਪ੍ਰਗਤੀ ਲਈ ਘਾਤਕ ਜਾਂ ਮਾਰੂ ਹੈ।
ਮਹਿੰਗਾਈ ਦੇ ਕਾਰਨ —
ਘੱਟ ਉਪਜ—ਮਹਿੰਗਾਈ ਦਾ ਕਾਰਨ ਚੀਜ਼ਾਂ ਦੀ ਘੱਟ ਪੈਦਾਵਾਰ ਹੈ।ਕਈ ਚੀਜ਼ਾਂ ਦੀ ਉਨ੍ਹੀਂ ਉਪਜ ਜਾਂ ਪੈਦਾਵਾਰ ਨਹੀਂ ਜਿੰਨੀ ਉਨ੍ਹਾਂ ਦੀ ਮੰਗ ਹੈ। ਪੈਦਾਵਾਰ ਘੱਟ ਅਤੇ ਮੰਗ ਬਹੁਤੀ ਹੋਣ ਕਾਰਨ ਚੀਜ਼ਾਂ ਦੇ ਭਾਅ ਵਧ ਜਾਂਦੇ ਹਨ।ਵਪਾਰੀ ਲੋਕ ਇਹਨਾਂ ਥੁੜ੍ਹ ਵਾਲੀਆਂ ਚੀਜ਼ਾਂ ਦੀ ਰੀਸੋ-ਰੀਸ ਬਾਕੀ ਚੀਜ਼ਾਂ ਦੇ ਭਾਅ ਵੀ ਲਗਦੇ ਹੱਥ ਹੀ ਵਧਾ ਲੈਂਦੇ ਹਨ।
ਆਬਾਦੀ ਦਾ ਵਾਧਾ—ਅਸੀਂ ਭਾਵੇ ਉਪਜ ਵਿਚ ਵਾਧਾ ਕਰ ਰਹੇ ਹਾਂ ਪਰ ਵਧਦੀ ਆਬਾਦੀ ਇਸ ਦੀ ਪੇਸ਼ ਨਹੀਂ ਜਾਣ ਦਿੰਦੀ। ਹਰੇਕ ਸਾਲ ਲੱਖਾਂ ਨਵੇਂ ਮੂੰਹ ਇਹਨਾਂ ਚੀਜ਼ਾਂ ਨੂੰ ਖਾਣ ਵਾਲੇ ਸਾਡੀ ਧਰਤੀ ਤੇ ਜਨਮ ਧਾਰ ਲੈਂਦੇ ਹਨ।
ਬਲੈਕ ਅਤੇ ਭ੍ਰਿਸ਼ਟਾਚਾਰ—ਚੀਜ਼ਾਂ ਦੀ ਬਲੈਕ ਅਤੇ ਵਧਦੀ ਹੋਈ ਭ੍ਰਿਸ਼ਟਾਚਾਰੀ ਵੀ ਮਹਿੰਗਾਈ ਦਾ ਮੁੱਖ ਕਾਰਨ ਹੈ। ਪੂੰਜੀਪਤੀ ਵਪਾਰੀ ਚੀਜ਼ਾਂ ਨੂੰ ਆਪਣੇ ਮਾਲ ਗੋਦਾਮਾਂ ਵਿਚ ਭਰ ਲੈਂਦੇ ਹਨ।ਜਦੋਂ ਇਹਨਾਂ ਚੀਜ਼ਾਂ ਦੀ ਥੁੜ੍ਹ ਹੋ ਜਾਂਦੀ ਹੈ ਤਾਂ ਵਪਾਰੀ ਇਹਨਾਂ ਚੀਜ਼ਾਂ ਨੂੰ ਵਧ ਭਾਅ ਤੇ ਬਲੈਕ ਵਿਚ ਵੇਚਦੇ ਹਨ। ਕਈ ਵਾਰ ਵਪਾਰੀ ਵਧ ਲਾਭ ਪ੍ਰਾਪਤ ਕਰਨ ਲਈ ਚੀਜ਼ਾਂ ਦੇ ਭਾਅ ਮਾਰਕੀਟ ਵਿਚ ਵਧਾ ਦਿੰਦੇਹਨ।
ਕੁਦਰਤੀ ਕਰੋਪੀਆਂ—ਕਈ ਵਾਰ ਕਿਸੇ ਪ੍ਰਾਂਤ ਵਿਚ ਹੜ੍ਹ ਆ ਜਾਂਦਾ ਹੈ ਜਿਵੇਂ ਪਿੱਛੇ ਜਿਹੇ ਹੜ੍ਹਾਂ ਨਾਲ ਪੰਜਾਬ ਵਿਚ ਤਬਾਹੀ ਪਈ ਸੀ।ਕਈ ਵਾਰ ਭੁਚਾਲ ਆ ਜਾਂਦੇ ਹਨ, ਕਾਲ ਪੈ ਜਾਂਦਾ ਹੈ। ਜਾਂ ਕੋਈ ਹੋਰ ਕੁਦਰਤੀ ਕਰੋਪੀ ਆ ਜਾਂਦੀ ਹੈ ਜਿਸ ਕਾਰਨ ਚੀਜ਼ਾਂ ਦੀ ਥੁੜ੍ਹ ਹੋ ਜਾਂਦੀ ਹੈ ਅਤੇ ਭਾਅ ਵਧ ਜਾਂਦੇ ਹਨ ਜਿਵੇਂ ਇਸ ਸਾਲ ਆਲੂਆਂ ਦੀ ਫ਼ਸਲ ਖਰਾਬ ਹੋਣ ਕਾਰਨ ਆਲੂਆਂ ਦਾ ਮੁੱਲ ਵਧ ਗਿਆ ਹੈ।
ਸਥਿਰ ਤਨਖਾਹਾਂ—ਚੀਜ਼ਾਂ ਦੀਆਂ ਕੀਮਤਾਂ ਤਾਂ ਕਈ ਵਾਰ ਵਧ ਜਾਂਦੀਆਂ ਹਨ ਪਰ ਤਨਖਾਹਾਂਨਹੀਂ ਵੱਧਦੀਆਂ।ਜੇਕਰ ਤਨਖਾਹ ਵਧਦੀ ਵੀ ਹੈ ਤਾਂ ‘ਊਠ ਤੋਂ ਛਾਨਣੀ ਲਾਹੁਣ’ ਵਾਲੀ ਗੱਲ ਹੁੰਦੀ ਹੈ। ਤਨਖਾਹ ਕੀਮਤਾਂ ਦੇ ਵੱਧ ਦੇ ਅਨੁਪਾਤ ਨਾਲ ਨਹੀਂ ਵਧਦੀ।
ਨਵੇਂ ਟੈਕਸਾਂ ਵਿਚ ਵਾਧਾ–ਹਰ ਸਾਲ ਸਰਕਾਰ ਘਾਟੇ ਦਾ ਬਜਟ ਪੇਸ਼ ਕਰਦੀ ਹੈ। ਇਹ ਘਾਟਾ ਪੂਰਾ ਕਰਨ ਲਈ ਸਰਕਾਰ ਵੱਲੋਂ ਹਰ ਸਾਲ ਨਵੇਂ ਟੈਕਸ ਲਾਏ ਜਾਂਦੇ ਹਨ।ਜਿਵੇਂ ਇਸ ਸਾਲ (2008 ਵਿਚ) ਸਰਕਾਰ ਨੇ ਆਟਾ, ਖੰਡ, ਡੀਜ਼ਲ, ਪੈਟ੍ਰੋਲ, ਘਰੇਲੂ ਗੈਸ ਦੇ ਮੁੱਲ ਵਿਚ ਵਾਧਾ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਸਗੋਂ ਰੇਲ ਭਾੜੇ ਵਿਚ ਵੀ ਢੇਰ ਸਾਰਾ ਵਾਧਾ ਕਰ ਦਿੱਤਾ ਹੈ। ਗਰੀਬ ਲੋਕ ਤ੍ਰਾਹ ਕਰ ਰਹੇ ਹਨ।
ਸਿੱਕੇ ਦਾ ਫੈਲਾਅ- ਸਿੱਕੇ ਦਾ ਫੈਲਾਅ ਵੀ ਮਹਿੰਗਾਈ ਦੇ ਵਾਧੇ ਦਾ ਇਕ ਮੁੱਖ ਕਾਰਨ ਹੈ। ਲੋਕਾਂ ਕੋਲ ਕਾਲੇ ਧਨ ਦੀ ਬਹੁਲਤਾ ਹੋ ਗਈ ਹੈ ਅਤੇ ਰੁਪਏ ਦੀ ਕੀਮਤ ਘਟ ਕੇ 9 ਪੈਸੇ ਰਹਿ ਗਈ ਹੈ।
ਆਰਥਿਕ ਕਾਣੀ ਵੰਡ- ਮਹਿੰਗਾਈ ਦਾ ਇਕ ਹੋਰ ਕਾਰਨ ਆਰਥਿਕ ਕਾਣੀ ਵੰਡ ਵੀ ਹੈ। ਗਿਣਤੀ ਦੇ ਕੁਝ ਲੋਕ ਤਾਂ ਬਹੁਤ ਅਮੀਰ ਹਨ। ਪੈਦਾਵਾਰ ਦੇ ਸਾਧਨਾਂ ਦੇ ਮਾਲਕ ਵੀ ਉਹੋ ਹੀ ਹਨ। ਉਹ ਚੀਜ਼ਾਂ ਦੀ ਥੁੜ੍ਹ ਦਾ ਸੰਕਟ ਖੜ੍ਹਾ ਕਰਕੇ ਜ਼ਰੂਰੀ ਚੀਜ਼ਾਂ ਦੇ ਭਾਅ ਵਧਾ ਦਿੰਦੇ ਹਨ।
ਦੂਰ ਕਰਨ ਦੇ ਉਪਾਅ—ਨਿਹਸੰਦੇਸ ਮਹਿੰਗਾਈ ਦਿਨ-ਪ੍ਰਤੀ-ਦਿਨ ਭਿਆਨਕ ਰੂਪ ਧਾਰਦੀ ਜਾ ਰਹੀ ਹੈ। ਇਸ ‘ਤੇ ਕਾਬੂ ਪਾਉਣ ਲਈ ਸਰਕਾਰ ਅਤੇ ਲੋਕਾਂ ਨੂੰ ਆਪਸੀ ਤਾਲ-ਮੇਲ ਪੈਦਾ ਕਰਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸਾਡੀ ਸਰਕਾਰ ਨੇ ਖੁਰਾਕ ਦੀ ਉਪਜ ਵਧਾ ਕੇ ਅਤੇ ਨਵੇਂ ਕਾਰਖਾਨੇ ਚਾਲੂ ਕਰਕੇ ਵਸਤੂਆਂ ਦੀ ਪੂਰਤੀ ਵਿਚ ਸ਼ਲਾਘਾ ਯੋਗ ਵਾਧਾ ਕੀਤਾ ਹੈ। ਪਰ ਇਹ ਸਭ ਕੁਝ ਵਧਦੀ ਜਨ-ਸੰਖਿਆ ਸਾਹਮਣੇ ਨਿਸ਼ਫਲ ਹੋ ਜਾਂਦਾ ਹੈ। ਇਸ ਲਈ ‘ਸੰਤਾਨ ਸੰਜਮ’ ਵੱਲ ਧਿਆਨ ਦੇਣ ਦੀ ਲੋੜ ਹੈ। ਪਰਿਵਾਰ ਨਿਯੋਜਨ ਪ੍ਰਸਾਰ ਵੱਲ ਲੋਕਾਂ ਦੇ ਧਿਆਨ ਨੂੰ ਕੇਂਦਰਤ ਕਰਨਾ ਚਾਹੀਦਾ ਹੈ।
ਸਰਕਾਰ ਨੂੰ ਉਹ ਯੋਜਨਾਵਾਂ ਚਾਲੂ ਕਰਨੀਆਂ ਚਾਹੀਦੀਆਂ ਹਨ ਜਿਹੜੀਆਂ ਆਪ ਲੋਕਾਂ ਲਈ ਲਾਭਦਾਇਕ ਹੋਣ। ਇਹ ਸਾਰੀਆਂ ਯਥਾਰਥਕ ਅਤੇ ਅਮਲੀ ਹੋਣ, ਨਾ ਕਿ ਨਿਰੀ ਕਾਗਜ਼ੀ ਕਾਰਵਾਈ ਹੋਵੇ।
ਟੈਕਸ ਲਾਉਣ ਵੇਲੇ ਸਰਕਾਰ ਨੂੰ ਅਜਿਹੇ ਢੰਗ ਸੋਚਣੇ ਚਾਹੀਦੇ ਹਨ ਜਿਹਨਾਂ ਨਾਲ ਵਪਾਰੀ ਵਰਗ ਇਹ ਭਾਰ ਆਮ ਲੋਕਾਂ ਦੇ ਸਿਰ ਨਾ ਮੁੜ੍ਹ ਸਕੇ। ਸਰਕਾਰ ਚੀਜ਼ਾਂ ਦੇ ਭਾਅ ਆਪ ਮੁਕਰਰ ਕਰੋ। ਨਿਯਤ ਭਾਅ ਤੋਂ ਵੱਧ ਵੇਚਣ ਵਾਲੇ ਨੂੰ ਕਰੜੀ ਸਜ਼ਾ ਦਿੱਤੀ ਜਾਵੇ।
ਦੇਸ਼ ਦੀ ਆਰਥਿਕ ਕਾਣਾ-ਵੰਡ ਕਾਰਨ, ਅਖੌਤੀ ਸੰਕਟ ਪੈਦਾ ਕਰਨ ਵਾਲਿਆਂ ਨੂੰ ਸਰਕਾਰ ਕਰੜੇ ਹੱਥੀਂ ਲਵੇ। ਉਹਨਾਂ ਦੇ ਜ਼ਖੀਰਿਆਂ ਨੂੰ ਕੰਟਰੋਲ ਵਿਚ ਲੈ ਕੇ ਵੱਡੇ ਉਗਯੋਗਾਂ ਦਾ ਰਾਸ਼ਟਰੀਕਰਨਕਰੇ।
ਸਾਰਾਂਸ਼–ਅੰਤ ਵਿਚ ਆਖ ਸਕਦੇ ਹਾਂ ਕਿ ਮਹਿੰਗਾਈ ਇਕ ਭਿਆਨਕ ਸਮੱਸਿਆ ਹੈ। ਜੇਕਰ ਇਹ ਹੱਲ ਨਾ ਕੀਤੀ ਗਈ ਤਾਂ ਦੇਸ ਲਈ ਬੜੀ ਹਾਨੀਕਾਰਕ ਸਿੱਧ ਹੋਵੇਗੀ।