ਬਸੰਤ ਰੁੱਤ
Basant Rut
ਭੂਮਿਕਾ- ਭਾਰਤ ਵਿਚ ਭੂਗੋਲਿਕ ਸਥਿੱਤੀ ਅਨੁਸਾਰ ਵੱਖ-ਵੱਖ ਸਮੇਂ ਛੇ ਰੁੱਤਾਂ- ਗਰਮੀ, ਔੜ, ਵਰਖਾ, ਸਰਦੀ, ਪੱਤਝੜ ਅਤੇ ਬਸੰਤ ਰੁੱਤ ਆਉਂਦੀਆਂ ਹਨ। ਗਰਮੀ ਵਿਚ ਸਰੀਰ ਲੂਹਿਆ ਜਾਂਦਾ ਹੈ ਤਾਂ ਸਰਦੀ ਵਿਚ ਠੁਰ-ਠੁਰ ਕਰਦਾ ਸਰੀਰ ਕੰਮ ਕਰਨ ਲਈ ਖੁਲ੍ਹਦਾ ਹੀ ਨਹੀਂ। ਪੱਤਝੜ ਵਿਚ ਪੱਤੇ ਝੜ ਜਾਣ ਕਾਰਨ ਦਰੱਖਤ ਰੁੰਡ-ਮੁੰਡ ਦਿਖਾਈ ਦਿੰਦੇ ਹਨ।ਇੰਝ ਇਸ ਤਰ੍ਹਾਂ ਉਦਾਸੀ ਜਿਹੀ ਛਾ ਜਾਂਦੀ ਹੈ, ਪਰ ਬਸੰਤ ਰੁੱਤ ਦੇ ਆਉਂਦਿਆਂ ਹੀ ਡਾਲੀ-ਡਾਲੀ ਮਹਿਕ ਅਤੇ ਟਹਿਕ ਉਠਦੀ ਹੈ। ਲੋਕ ਮਸਤੀ ਵਿਚ ਝੂਮ ਉਠਦੇ ਹਨ। ਉਹਨਾਂ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਹੈ—
“ਆਈ ਬਸੰਤ, ਪਾਲਾ ਉਡੰਤ।”
ਰੁੱਤਾਂ ਦੀ ਸਿਰਤਾਜ— ਫਗਣ ਮਹੀਨਾ ਚੜ੍ਹਦਿਆਂ ਹੀ ਇਹ ਰਾਂਗਲੀ ਰੁੱਤ ਸ਼ੁਰੂ ਹੋ ਜਾਂਦੀ ਹੈ।ਕੁਦਰਤ ਰਾਣੀ ਭਰ ਜੋਬਣ ਵਿਚ ਆ ਕੇ ਆਪਣੇ ਆਪ ਨੂੰ ਸ਼ਿੰਗਾਰ ਲੈਂਦੀ ਹੈ।ਥੋੜੇ ਅਤੇ ਸੁੰਗਰਤਾ ਦਾ ਬੋਲਬਾਲਾ ਹੁੰਦਾ ਹੈ। ਨਵੀਆਂ ਤੇ ਨਰਮ-ਨਰਮ ਕਰੂੰਬਲਾਂ ਰੋਡ-ਭੇਡ ਦਰੱਖਤਾਂ ਤੇ ਫੁਟੱਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੁੱਕੀ ਪਈ ਬਨਸਪਤੀ ਵਿਚ ਹਰਿਆਵਲ ਟਹਿਕ ਉਠਦੀ ਹੈ। ਸਾਰੀ ਧਰਤੀ ਨਵੀਂ-ਨਵੇਲੀ ਵਹੁਟੀ ਵਾਂਗ ਸੱਜ-ਫਬ ਜਾਂਦੀ ਹੈ।ਇਸੇ ਕਰਕੇ ਸਿਆਣਿਆਂ ਨੇ ਇਸ ਰੁੱਤ ਨੂੰ ‘ਰਿਤੂ ਰਾਜ’ ਜਾਂ ‘ਰੁੱਤਾਂ ਦੀ ਰਾਣੀ’ ਦਾ ਨਾਂ ਦੇ ਕੇ ਵਡਿਆਇਆ ਹੈ। ਕਵੀ ਧਨੀ ਰਾਮ ‘ਚਾਤ੍ਰਿਕ’ ਨੇ ਇਸ ਰੁੱਤ ਦੀ ਆਮਦ ਨੂੰ ਬਹੁਤ ਹੀ ਸੁੰਦਰ ਸ਼ਬਦਾਂ ਵਿਚ ਮੂਰਤੀਮਾਨ ਕੀਤਾ ਹੈ—
“ਕੇਸਰੀ ਦੁੱਪਟੇ ਨੂੰ ਬਸੰਤ ਕੌਰ ਪਹਿਨ ਜਦੋਂ,
ਡੋਰੇਦਾਰ ਨੈਣਾਂ ਵਿਚੋਂ ਸੁੱਟੀਆਂ ਗੁਲਾਲੀਆਂ।”
ਅਨੋਖੀਆਂ ਖੁਸ਼ੀਆਂ ਦਾ ਦਿਖਾਵਾ— ਮਨੁੱਖੀ ਮਨ ਦੀਆਂ ਸੱਧਰਾਂ ਜਾਗ ਪੈਂਦੀਆਂ ਹਨ। ਪਸ਼ੂਆਂ, ਪੰਛੀਆਂ ਵਿਚ ਵੀ ਇੱਕ ਅਨੋਖੀ ਖੁਸ਼ੀ ਦਿਖਾਈ ਦੇਣ ਲੱਗ ਪੈਂਦੀ ਹੈ। ਉਨ੍ਹਾਂ ਦੀਆਂ ਸੁੱਕੀਆਂ ਹੋਈਆਂ ਖਲੜੀਆਂ ਅਤੇ ਅੱਖਾਂ ਚਮਕਣ ਲੱਗ ਪੈਂਦੀਆਂ ਹਨ। ਪੰਛੀ ਵੀ ਆਪਣੇ ਪਰਾਂ ਤੋਂ ਪਾਲਾ ਝਾੜ ਕੇ ਲੰਮੀਆਂ ਉਡਾਰੀਆਂ ਮਾਰਨ ਲੱਗ ਜਾਂਦੇ ਹਨ।
ਬਸੰਤ ਰੁੱਤ ਦਾ ਤਿਉਹਾਰ— ਬਸੰਤ ਰੁੱਤ ਦਾ ਮਹਤੱਵਪੂਰਨ ਦਿਨ ਬਸੰਤ ਪੰਚਮੀ ਹੈ। ਇਹ ਮਾਘ ਮਹੀਨੇ ਦੀ ਸ਼ੁਕਲ ਪੱਖ ਦੀ ਪੰਚਮੀ ਦਾ ਦਿਨ ਹੈ।ਇਸ ਦਿਨ ਨੂੰ ਉੱਤਰੀ ਭਾਰਤ ਵਿਚ ਬਹੁਤ ਹੀ ਹੁਲਾਸ ਨਾਲ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਵਾਲੇ ਦਿਨ ਬੱਚੇ, ਬੁੱਢੇ, ਨੌਜਵਾਨ ਆਦਿ ਸਭ ਨਰ ਨਾਰੀ ਕੁਦਰਤ ਨਾਲ ਇਕ-ਮਿਕ ਹੋਣ ਲਈ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ। ਘਰਾਂ ਵਿਚ ਪੀਲੇ ਰੰਗ ਦੇ ਮਿੱਠੇ ਪਕਵਾਨ ਵੀ ਬਣਾਏ ਜਾਂਦੇ ਹਨ।
ਪਤੰਗਬਾਜ਼ੀ— ਹਰ ਨਗਰ ਵਿਚ ਥਾਂ-ਥਾਂ ਮੇਲੇ ਭਰਦੇ ਹਨ। ਖੁੱਲ੍ਹੀ ਰੁੱਤ ਹੋਣ ਕਾਰਨ ਮੇਲਿਆਂ ਵਿਚ ਖੂਬ ਪਤੰਗ ਉਡਾਏ ਜਾਂਦੇ ਹਨ। ਪੀਲੇ ਰੰਗ ਦੀਆਂ ਪਤੰਗਾਂ ਨਾਲ ਆਕਾਸ਼ ਭਰ ਜਾਂਦਾ ਹੈ।ਪੇਚ ਪਾ ਕੇ ਪਤੰਗ ਕੱਟ ਜਾਂਦੇ ਹਨ।ਹਰ ਪਾਸੇ ਤੋਂ ਬੋ-ਕਾਟਾ ਬੋ-ਕਾਟਾ! ਦੀ ਰੌਲੀ ਸੁਣਾਈ ਦਿੰਦੀ ਹੈ। ਕੱਟੀ ਪਤੰਗ ਪਿੱਛੇ ਮੁੰਡਿਆਂ ਦੀਆਂ ਟੋਲੀਆਂ ਦੌੜਦੀਆਂ ਹਨ।ਫੜ ਫੜਾਈ ਵਿਚ ਮੁੰਡੀਰ ਦੇ ਹੱਥਾਂ ਵਿਚ ਆ ਕੇ ਪਤੰਗ ਦਾ ਪੁਰਜ਼ਾ-ਪੁਰਜ਼ਾ ਉਡ ਜਾਂਦਾ ਹੈ।ਇਹ ਇਕ ਅਨੋਖਾ ਹੀ ਮਨੋਰੰਜਨ ਹੈ।
ਇਤਿਹਾਸਕ ਸੰਬੰਧ- ਇਸ ਤਿਉਹਾਰ ਨਾਲ ਕਈ ਇਤਿਹਾਸਕ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਵੀਰ ਹਕੀਕਤ ਰਾਏ ਇਸੇ ਦਿਨ ਹਿੰਦੂ ਧਰਮ ਦੀ ਰੱਖਿਆ ਖ਼ਾਤਰ ਸ਼ਹੀਦ ਹੋਏ ਸਨ।
ਨਾਮਧਾਰੀ ਗੁਰੂ ਬਾਬਾ ਰਾਮ ਸਿੰਘ ਜੀ ਦਾ ਜਨਮ ਵੀ ਇਸੇ ਦਿਨ ਹੋਇਆ ਸੀ। ਉਨ੍ਹਾਂ ਦੇ ਸ਼ਰਧਾਲੂ ਇਹ ਦਿਨ ਬੜੇ ਉਤਸ਼ਾਹ ਅਤੇ ਉਤਸਾਹ ਨਾਲ ਮਨਾਉਂਦੇ ਹਨ।
ਸਾਰਾਂਸ਼— ਖੁਸ਼ੀਆਂ ਖੇੜੇ ਵੰਡਦੀ ਇਹ ਰੁੱਤ ਮਨੁੱਖ ਨੂੰ ਜੀਵਨ ਪਰਿਵਰਤਨ ਲਈ ਸੁਨੇਹਾ ਦਿੰਦੀ ਹੋਈ ਪ੍ਰੇਰਨਾ ਕਰਦੀ ਹੈ ਕਿ ਉਹ ਪੁਰਾਣੀਆਂ ਬਲੀਆਂ, ਘੁਣ-ਖਾਧੀਆਂ ਅਤੇ ਬੂਸੀਆਂ- ਤਰੱਕੀਆਂ ਰਹੁ ਰੀਤਾਂ ਦਾ ਤਿਆਗ ਕਰਕੇ ਨਵੀਆਂ ਨੂੰ ਜਨਮ ਦੇਣ ਦੇ ਸਮਰਥ ਬਣ।