ਪ੍ਰਦੂਸ਼ਨ ਦੀ ਸਮੱਸਿਆ
Pradushan di Samasiya
ਭੂਮਿਕਾ— ਵਾਤਾਵਰਨ ਪ੍ਰਦੂਸ਼ਨ ਦਾ ਅਰਥ ਹੈ, ਪ੍ਰਾਕ੍ਰਿਤਿਕ ਵਾਤਾਵਰਨ ਦਾ ਕਿਸੇ ਕਾਰਨਾਂ ਕਰਕੇ ਦੂਸ਼ਿਤ ਹੋਣਾ। ਮਨੁੱਖੀ ਜੀਵਨ ਪ੍ਰਕ੍ਰਿਤੀ ਦੇ ਸਾਫ਼ ਵਾਤਾਵਰਨ ਵਿਚ ਅਸਾਨੀ ਨਾਲ ਵੱਧਦਾ-ਫੁੱਲਦਾ ਅਤੇ ਵਿਕਸਿਤ ਹੁੰਦਾ ਹੈ, ਪਰ ਜੇਕਰ ਇਹ ਸਾਫ਼, ਨਿਰਮਲ ਵਾਤਾਵਰਨ ਦੂਸ਼ਤ ਹੋ ਜਾਵੇ ਤਾਂ ਮਨੁੱਖੀ ਜੀਵਨ ਦਾ ਵਿਕਾਸ ਰੁੱਕ ਜਾਵੇਗਾ।ਪ੍ਰਦੂਸ਼ਨ ਨਾਲ ਨਿੱਕੇ ਜੀਵ-ਜੰਤੂਆਂ ਦਾ ਵਿਕਾਸ ਹੀ ਨਹੀਂ ਰੁਕਦਾ ਸਗੋਂ ਰੁੱਖ-ਬੂਟੇ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਵਾਤਾਵਰਨ ਪ੍ਰਦੂਸ਼ਨ ਦਿਵਸ ਮਨਾਉਣਾ— 5 ਜੂਨ, 1992 ਨੂੰ ਵਿਸ਼ਵ-ਪੱਧਰ ਉੱਤੇ ਕੁੱਲ ਦੁਨੀਆਂ ਵਿਚ ਵਾਤਾਵਰਨ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਹਵਾਵਾਂ, ਗੰਦਗੀ ਦੀ ਵਿਸ਼ਾਲ ਮਾਤਰਾਂ ਨਾਲ ਨਿੱਤ ਬੋਝਲ ਹੁੰਦੀਆਂ ਜਾ ਰਹੀਆਂ ਹਨ।ਕਾਲਾ ਧੂੰਆਂ ਛੱਡਦੀਆਂ ਮਿੱਲਾਂ, ਭਾਂਤ-ਸੁਭਾਂਤੀਆਂ ਗੈਸਾਂ ਛੱਡਦੇ ਤੇਜ਼ਾਬੀ ਪਦਾਰਥ, ਬੱਸਾਂ, ਮੋਟਰਾਂ ਤੇ ਗੱਡੀਆਂ ਰਾਹੀਂ ਹਵਾ ਵਿਚ ਰੁਲਦੀਆਂ ਸਭ ਜਲੀਆਂ ਤੇ ਅਣਜਲੀਆਂ ਗੈਸਾਂ, ਸ਼ਹਿਰਾਂ ਦੇ ਗੰਦ। ਨਾਲਿਆਂ ਦੀ ਬਦਬੂ, ਗਲਦੇ ਸੜਦੇ ਗੰਦਗੀ ਦੇ ਢੇਰ ਅਤੇ ਫ਼ਸਲਾਂ ਉੱਤੇ ਛਿੜਕੀਆਂ ਜਾਂਦੀਆਂ ਦਵਾਈਆਂ ਦੀ ਧੂੜ ਹਵਾ ਨੂੰ ਹਰ ਰੋਜ਼ ਦੂਸ਼ਤ ਕਰ ਰਹੇ ਹਨ। ਇਹੀ ਗੰਦੀ ਹਵਾ ਸਾਹ ਰਾਹੀਂ ਸਾਡੇ ਅੰਦਰ ਵੀ ਜਾਂਦੀ ਹੈ।ਇਸੇ ਚਿੰਤਾਜਨਕ ਸਥਿਤੀ ਉੱਤੇ ਵਿਚਾਰ ਕਰਨ ਲਈ ਵਾਤਾਵਰਨ ਦਿਵਸ ਮਨਾਏ ਗਏ।
ਪ੍ਰਦੂਸ਼ਨ ਦੇ ਕਾਰਨ— ਉਦਯੋਗਾਂ ਦਾ ਗਲਿਆ-ਸੜਿਆ ਪਦਾਰਥ ਅਤੇ ਕਚਰਾ ਆਦਿ ਬਾਹਰ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਹਵਾ ਪ੍ਰਦੂਸ਼ਤ ਹੋ ਜਾਂਦੀ ਹੈ। ਕਾਰਖਾਨਿਆਂ ਦਾ ਗੰਦਾ ਪਾਣੀ, ਘਰੇਲੂ ਗੰਦਾ ਪਾਣੀ, ਨਦੀਆਂ ਵਿਚ ਡਿਗਦਾ ਹੈ। ਕਾਰਖਾਨਿਆਂ ਦੇ ਪਾਣੀ ਵਿਚ ਹਾਨੀਕਾਰਕਰਸਾਇਣਕ ਪਦਾਰਥ ਘੁਲੇ ਹੁੰਦੇ ਹਨ, ਜਿਹੜੇ ਨਦੀਆਂ ਦੇ ਪਾਣੀ ਨੂੰ ਜ਼ਹਿਰੀਲਾ ਕਰ ਦਿੰਦੇ ਹਨ, ਇਸ ਨਾਲ ਜਲ-ਜੀਵਾਂ ਦਾ ਜੀਵਨ ਖਤਰੇ ਵਿਚ ਪੈ ਜਾਂਦਾ ਹੈ। ਵੱਡੇ-ਵੱਡੇ ਕਾਰਖਾਨਿਆਂ ਦੀਆਂ ਚਿਮਨੀਆਂ ਤੋਂ ਲਗਾਤਾਰ ਨਿਕਲਣ ਵਾਲਾ ਧੂੰਆਂ, ਰੇਲ ਅਤੇ ਹੋਰ ਕਈ ਪ੍ਰਕਾਰ ਦੀਆਂ ਮੋਟਰ, ਸਕੂਟਰਾਂ ਅਤੇ ਇੰਜਣਾਂ ਵਿਚੋਂ ਨਿਕਲਣ ਵਾਲੀਆਂ ਗੈਸਾਂ ਅਤੇ ਧੂੰਆਂ, ਘਰਾਂ ਵਿਚ ਬਲਣ ਵਾਲਾ ਕੋਲਾ ਆਦਿ ਹਵਾ ਪ੍ਰਦੂਸ਼ਨ ਦਾ ਪ੍ਰਭਾਵ ਪੈਦਾ ਕਰਦਾ ਹੈ।
ਪ੍ਰਦੂਸ਼ਨ ਤੋਂ ਬਚਾਅ ਦੇ ਉਪਾਅ— ਕਾਰਖਾਨਿਆਂ ਦੇ ਕਚਰੇ, ਪ੍ਰਦੂਸ਼ਤ ਜਲ ਅਤੇ ਮਲ- ਮੂਤਰ ਨੂੰ ਨਦੀਆਂ-ਸਮੁੰਦਰਾਂ ਵਿਚ ਨਾ ਸੁੱਟ ਕੇ ਉਹਨਾਂ ਲਈ ਕੋਈ ਹੋਰ ਬਦਲ ਲੱਭੇ ਜਾਣ, ਤਾਂਕਿ ਪੀਣ ਦਾ ਪਾਣੀ ਸਾਫ਼ ਰਹਿ ਸਕੇ। ਸਮੇਂ-ਸਮੇਂ ਤੇ ਨਦੀਆਂ, ਖੂਹਾਂ, ਤਾਲਾਬਾਂ ਆਦਿ ਜਲ ਸਾਧਨਾਂ ਦੀ ਸਫ਼ਾਈ ਕਰਵਾਈ ਜਾਵੇ ਤਾਕਿ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਵਧੇਰੇ ਜ਼ਹਿਰੀਲਾ ਧੂੰਆਂ ਛੱਡ ਕੇ ਵਾਤਾਵਰਨ ਨੂੰ ਦੂਸ਼ਤ ਨਾ ਕਰ ਸਕਣ। ਜੰਗਲਾਂ ਨੂੰ ਕੱਟਣ ਤੋਂ ਰੋਕਿਆ ਜਾਵੇ ਅਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਧ ਤੋਂ ਵੱਧ ਰੁੱਖ ਲਾਏ ਜਾਣ।
ਸਾਰਾਂਸ਼— ਅਰੋਗ ਤੇ ਨਰੋਈ ਮਨੁੱਖੀ ਸੱਭਿਅਤਾ ਦੇ ਵਿਕਾਸ ਲਈ ਉਸਦਾ ਸਾਫ਼ ਵਾਤਾਵਰਨ ਵਿਚ ਵੱਧਣਾ-ਫੁੱਲਣਾ ਜ਼ਰੂਰੀ ਹੈ।ਮਨੁੱਖ ਦੇ ਸਰੀਰ ਨੂੰ ਅਰੋਗ ਰੱਖਣ ਲਈ ਸ਼ੁੱਧ ਤੇ ਸਾਫ਼ ਪਾਣੀ, ਸਾਫ਼ ਹਵਾ ਅਤੇ ਖਾਧ-ਪਦਾਰਥਾਂ ਦੀ ਬਹੁਤ ਲੋੜ ਹੈ। ਇਹ ਸਭ ਤਾਂ ਹੀ ਹੋ ਸਕੇਗਾ ਜਦੋਂ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ਼ ਹੋਵੇਗਾ ਜੋ ਕਿ ਮਨੁੱਖ ਨੂੰ ਰੋਗਾਂ ਤੋਂ ਰਹਿਤ ਰੱਖਣ ਦੀ ਇਕੋ- ਇਕ ਸੰਜੀਵਨੀ ਬੂਟੀ ਹੈ।ਵਾਤਾਵਰਨ ਦੀ ਸ਼ੁੱਧਤਾ ਪ੍ਰਦੂਸ਼ਨ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਲ ਹੀ ਮਨੁੱਖੀ ਜੀਵਨ ਪੂਰੀ ਤਰ੍ਹਾਂ ਸਿਹਤਮੰਦ ਤੇ ਅਰੋਗ ਹੋ ਜਾਵੇਗਾ।
ਹਰ ਉਦਯੋਗਿਕ ਇਕਾਈ ਦੇ ਮਾਲਕ ਦਾ ਇਹ ਨਿੱਜੀ ਕਰਤੱਵ ਬਣਦਾ ਹੈ ਕਿ ਮਨੁੱਖਤਾ ਦੀ ਭਲਾਈ ਲਈ, ਨਵੀਂ ਪੀੜ੍ਹੀ ਨੂੰ ਸਿਹਤ ਅਤੇ ਅਰੋਗ ਜੀਵਨ ਪ੍ਰਦਾਨ ਕਰਵਾਉਣ ਲਈ, ਉਨ੍ਹਾਂ ਸੁਝਾਏ ਯੰਤਰਾਂ ਦਾ, ਜੋ ਪ੍ਰਦੂਸ਼ਨ ਨੂੰ ਵੱਧਣ ਤੋਂ ਰੋਕਦੇ ਹਨ, ਆਪਣੇ ਕਾਰਖਾਨਿਆਂ ਵਿਚ ਜ਼ਰੂਰ ਲਗਾਏ। ਇਹਨਾਂ ਦੇ ਇਸ ਸਹਿਯੋਗ ਲਈ ਸਰਕਾਰ ਤੋਂ ਇਲਾਵਾ ਲੋਕ ਵੀ ਉਨ੍ਹਾਂ ਦੇ ਰਿਣੀ ਹੋਣਗੇ। ਇਸ ਤੋਂ ਇਲਾਵਾ ਸਾਨੂੰ ਆਪਨੂੰ ਵੀ ਚਾਹੀਦਾ ਹੈ ਕਿ ਇਸ ਖੇਤਰ ਵਿਚ ਨਿੱਤ ਹੋ ਰਹੀਆਂ ਨਵੀਆਂ ਖੋਜਾਂ ਨੂੰ ਅਪਣਾਈਏ ਅਤੇ ਪ੍ਰਦੂਸ਼ਿਤ ਹੋ ਰਹੇ ਪ੍ਰਾਕ੍ਰਿਤਿਕ ਵਾਤਾਵਰਨ ਨੂੰ ਬਚਾਉਣ ਲਈ ਯੋਗਦਾਨ ਪਾਈਏ। ਇਹ ਗੱਲ ਹਮੇਸ਼ਾ ਯਾਦ ਰਹਿਣੀ ਚਾਹੀਦੀ ਹੈ ਕਿ ਸਾਫ਼ ਵਾਤਾਵਰਨ ਹੀ ਸਾਨੂੰ ਅਰੋਗ ਸਿਹਤ ਅਤੇ ਲੰਮੀ ਉਮਰ ਬਖ਼ਸ਼ਦਾ ਹੈ।