ਰੇਲ ਦੁਰਘਟਨਾ
Rail Durghatna
ਭੂਮਿਕਾ- ਵਿਗਿਆਨਕ ਯੁੱਗ ਨੇ ਜਿੱਥੇ ਮਨੁੱਖੀ ਜੀਵਨ ਨੂੰ ਸੁੱਖਦਾਈ ਬਣਾਉਣ ਵਿਚ ਅਨੇਕਾਂ ਕਾਢਾਂ ਕੱਢੀਆਂ ਹਨ, ਉੱਥੇ ਮਸ਼ੀਨਾਂ ਦੀਆਂ ਖੋਜਾਂ ਨਾਲ ਮਨੁੱਖ ਵੀ ਇਕ ਮਸ਼ੀਨ ਹੀ ਬਣ ਕੇ ਰਹਿ ਗਿਆ ਹੈ।ਉਸ ਦੀ ਸੌਚਣੀ ਅਤੇ ਕਰਨੀ ਵੀ ਮਸ਼ੀਨੀ ਬਣ ਗਈ ਹੈ। ਉਹ ਅੱਜ ਹਰ ਕੰਮਕਾਹਲੀ ਵਿਚ ਕਰਨ ਲੱਗ ਪਿਆ ਹੈ। ਤੇਜ਼ ਹੋਰ ਤੇਜ਼ ਪਾਗਲਾਂ ਵਰਗੀ ਹੋਰ ਅੱਗੇ ਵਧਣ ਦੀ ਹੋੜ ਦੁਰਘਟਨਾ ਦਾ ਕਾਰਨ ਬਣਦੀ ਹੈ ਅਤੇ ਜਿਸ ਕਾਰਨ ਅਨੇਕਾਂ ਦੁਰਘਟਨਾਵਾਂ ਪੈਰ-ਪੈਰ ਕੇਵਾਪਰਦੀਆਂ ਹਨ।
ਮਸ਼ੀਨੀ ਯੁੱਗ ਵਿਚ ਦੁਰਘਟਨਾਵਾਂ ਦਾ ਹੋਣਾ ਇਕ ਆਮ ਜਿਹੀ ਗੱਲ ਹੋ ਗਈ ਹੈ। ਬਹੁਤੀਆਂ ਵਿਚ ਦੁਰਘਟਨਾਵਾਂ ਬੱਸਾਂ, ਟਰੱਕਾਂ, ਕਾਰਾਂ, ਸਾਈਕਲਾਂ, ਰੇਲ-ਗੱਡੀਆਂ ਅਤੇ ਹਵਾਈ ਜ਼ਹਾਜ਼ ਦੇ ਸਫ਼ਰਵਾਪਰਦੀਆਂ ਹਨ।
ਰੇਲ ਗੱਡੀ ਦੁਆਰਾ ਦਿੱਲੀ ਜਾਣਾ-ਪਿਛਲੇ ਮਹੀਨੇ ਮੈਂ ਆਪਣੇ ਮਿੱਤਰ ਹਰਮਨਪ੍ਰੀਤ ਨਾਲ ਦਿੱਲੀ ਜਾਣ ਲਈ ਜਲੰਧਰ ਰੇਲਵੇ ਸਟੇਸ਼ਨ ਤੇ ਡੀਲਕਸ ਗੱਡੀ ਸਵਾਰ ਹੋਇਆ।ਗੱਡੀ ਵਿਚ ਬਹੁਤ ਭੀੜ ਸੀ। ਪਰ ਫਿਰ ਵੀ ਸਾਨੂੰ ਬੈਠਣ ਲਈ ਥਾਂ ਮਿਲ ਗਈ।ਸਾਡਾ ਡੱਬਾ ਗੱਡੀ ਦੇ ਵਿਚਕਾਰ ਸੀ। ਚੰਗੀ ਥਾਂ ਮਿਲ ਜਾਣ ਕਾਰਨ ਅਸੀਂ ਬਹੁਤ ਖੁਸ਼ ਸਾਂ।
ਗੱਡੀ ਦਾ ਚਲਣਾ— ਛੇਤੀ ਹੀ ਗੱਡੀ ਚੱਲ ਪਈ।ਇਸ ਨੇ ਫਗਵਾੜੇ ਤੋਂ ਉਰੇ ਕਿਤੇ ਵੀ ਨਹੀਂ ਰੁਕਣਾ ਸੀ। ਕੁਝ ਮਿੰਟਾਂ ਵਿਚ ਹੀ ਗੱਡੀ ਜਲੰਧਰ ਛਾਉਣੀ ਤੇ ਚਹੇੜੂ ਨੂੰ ਪਾਰ ਕਰਨ ਮਗਰੋਂ ਫਗਵਾੜੇ ਵੱਲ ਵਧਣ ਲੱਗੀ। ਕੁਝ ਚਿਰ ਪਿੱਛੋਂ ਸਾਨੂੰ ਇਕ ਦਮ ਬੜਾ ਜ਼ਬਰਦਸਤ ਧੱਕਾ ਲਗਾ ਅਤੇ ਨਾਲ ਹੀ ਬੜੇ ਜ਼ੋਰ ਦਾ ਧਮਾਕਾ ਹੋਇਆ। ਅਸੀਂ ਮੂੰਹ ਭਾਰ ਡਿੱਗ ਪਏ।ਖੜ੍ਹੀਆਂ ਸਵਾਰੀਆਂ ਵਿਚੋਂ ਵੀ ਬਹੁਤ ਸਾਰੀਆਂ ਸਵਾਰੀਆਂ ਡਿੱਗ ਪਈਆਂ। ਫੁੱਟਿਆਂ ਉੱਤੇ ਰੱਖੇ ਹੋਏ ਟਰੰਕ ਅਤੇ ਬਿਸਤਰੇ ਸਾਡੇ ਉੱਤੇ ਡਿੱਗ ਪਏ। ਗੱਡੀ ਇਕ ਦਮ ਰੁੱਕ ਗਈ। ਇਕ ਟਰੰਕ ਮੇਰੇ ਮੱਥੇ ਉੱਤੇ ਵਜਣ ਨਾਲ ਮੇਰਾ ਮੱਥਾ ਲਹੂ-ਲੁਹਾਨ ਹੋ ਗਿਆ।ਲੋਕਾਂ ਵਿਚ ਭਗਦੜ ਅਤੇ ਹਾਹਾਕਾਰ ਮਚ ਗਈ।ਮੈਂ ਬੜੀ ਮੁਸ਼ਕਲ ਨਾਲ ਡੱਬੇ ਵਿਚੋਂ ਬਾਹਰ ਨਿਕਲਿਆ। ਮੇਰੇ ਮਿੱਤਰ ਨੂੰ ਕੋਈ ਸੱਟ ਨਹੀਂ ਸੀ ਲੱਗੀ। ਉਹ ਵਾਲ-ਵਾਲ ਬਚ ਗਿਆ।
ਗੱਡੀ ਦੀ ਟੱਕਰ ਹੋਣੀ— ਅਸੀਂ ਦੇਖਿਆ ਕਿ ਸਾਡਾ ਡੱਬਾ ਤੇ ਉਸ ਤੋਂ ਅਗਲੇ ਸਾਰੇ ਡੱਬੇ ਪਟੜੀ ਤੋਂ ਉਤਰੇ ਹੋਏ ਸਨ।ਪਤਾ ਲੱਗਾ ਕਿ ਸਾਡੀ ਗੱਡੀ ਇਕ ਖਲੋਤੀ ਮਾਲ ਗੱਡੀ ਦੇ ਪਿਛਲੇ ਡੱਬੇ ਨਾਲ ਟਕਰਾ ਗਈ ਹੈ।ਅਸੀਂ ਥੋੜ੍ਹਾ ਅੱਗੇ ਗਏ ਤਾਂ ਕੀ ਦੇਖਦੇ ਹਾਂ ਕਿ ਮਾਲ ਗੱਡੀ ਦਾ ਪਿਛਲਾ ਡੱਬਾ ਸਾਡੀ ਗੱਡੀ ਦੇ ਇੰਜਣ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਸਾਡੀ ਗੱਡੀ ਦਾ ਇੰਜਣ ਤੇ ਇਕ ਡੱਬਾ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ।ਇੰਜਣ ਦਾ ਡਰਾਈਵਰ, ਫਾਇਰਮੈਨ ਅਤੇ ਮੌਹਰਲੇ ਡੱਬੇ ਦੀਆਂ ਪੰਜ ਸਵਾਰੀਆਂ ਥਾਂ ਤੇ ਹੀ ਦਮ ਤੋੜ ਗਈਆਂ ਸਨ।ਮਾਲ ਗੱਡੀ ਦੇ ਪੰਜ ਛੇ ਪਿਛਲੇ ਡੱਬੇ ਪਟੜੀ ਤੋਂ ਲਹਿ ਗਏ ਸਨ ਅਤੇ ਇਕ ਡੱਬਾ ਤਾਂ ਉੱਕਾ ਹੀ ਟੁੱਟ-ਭੱਜ ਗਿਆ ਸੀ।
ਰਿਲੀਫ ਟਰੇਨ ਪੁੱਜਣੀ— ਰੇਲਵੇ ਅਧਿਕਾਰੀਆਂ ਨੇ ਦੁਰਘਟਨਾ ਦੀ ਇਹ ਖ਼ਬਰ ਤੁਰੰਤ ਹੀ ਆਪਣੇ ਸੰਬੰਧਿਤ ਕੇਂਦਰਾਂ ਤੀਕ ਟੈਲੀਫੋਨ ਤੇ ਤਾਰਾਂ ਰਾਹੀਂ ਪੁਚਾ ਦਿੱਤੀ। ਥੋੜ੍ਹੀ ਦੇਰ ਵਿਚ ਹੀ ਰੇਲਵੇ ਦੀ ‘ਰਿਲੀਫ ਟਰੇਨ’ ਆ ਗਈ। ਜ਼ਖਮੀਆਂ ਦੀ ਮੁੱਢਲੀ ਦਵਾਈ-ਦਾਰੂ ਕਰਕੇ ਉਹਨਾਂ ਨੂੰ ਹਸਪਤਾਲ ਲੈ ਜਾਣ ਦਾ ਪ੍ਰਬੰਧ ਹੋਣ ਲੱਗਾ।ਸਾਡੇ ਜ਼ਖਮਾਂ ਦੀ ਮਲ੍ਹਮ-ਪੱਟੀ ਵੀ ਕੀਤੀ ਗਈ।ਦੋ ਤਿੰਨ ਲਾਸ਼ਾਂ ਕੋਲ ਬੈਠੇ ਉਹਨਾਂ ਦੇ ਸੰਬੰਧੀ ਹੋ ਰਹੇ ਸਨ।
ਕਾਂਟੇ ਵਾਲੇ ਦਾ ਕਸੂਰ— ਦਿੱਲੀ, ਫਿਰੋਜ਼ਪੁਰ ਤੇ ਲੁਧਿਆਣੇ ਤੋਂ ਰੇਲਵੇ ਦੇ ਉੱਚ- ਅਧਿਕਾਰੀਆਂ ਨੇ ਦੁਰਘਟਨਾ ਦੇ ਮੌਕੇ ਨੂੰ ਅੱਖੀਂ ਦੇਖਿਆ। ਮੁਢਲੀ ਜਾਂਚ ਤੋਂ ਪਤਾ ਲੱਗਾ ਕਿ ਕਸੂਰ ਕਾਂਟੇ ਵਾਲੇ ਦਾ ਸੀ। ਜਿਸ ਨੇ ਕਾਂਟਾ ਠੀਕ ਨਹੀਂ ਸੀ ਬਦਲਿਆ। ਕਾਂਟੇ ਵਾਲੇ ਨੂੰ ਮੁਅੱਤਲ ਕਰਕੇ ਸਾਰੀ ਘਟਨਾ ਦੀ ਜਾਂਚ ਦਾ ਹੁਕਮ ਦੇ ਦਿੱਤਾ ਦਿਆ।
ਸਪੈਸ਼ਲ ਗੱਡੀ ਰਾਹੀਂ ਦਿੱਲੀ ਪੁੱਜਣਾ— ਸ਼ਾਮ ਤੀਕ ਕਰੇਨਾਂ ਦੀ ਸਹਾਇਤਾ ਨਾਲ ਰੇਲਵੇ ਲਾਈਨ ਨੂੰ ਸਾਫ਼ ਕਰ ਦਿੱਤਾ ਗਿਆ।ਪਿੱਛੋਂ ਇਕ ਸਪੈਸ਼ਲ ਗੱਡੀ ਮੁਸਾਫ਼ਰਾਂ ਨੂੰ ਅੱਗੇ ਲਿਜਾਉਣ ਲਈ ਆਈ, ਜਿਸ ਵਿਚ ਸਵਾਰ ਹੋ ਕੇ ਅਸੀਂ ਦਿੱਲੀ ਵੱਲ ਚੱਲ ਪਏ, ਪਰ ਮੇਰਾ ਸਫ਼ਰ ਦਾ ਸਾਰਾ ਸੁਆਦ ਹੀ ਮਾਰਿਆ ਗਿਆ।
ਅਭੁੱਲ ਯਾਦ- ਭਾਵੇਂ ਇਸ ਦੁਰਘਟਨਾ ਨੂੰ ਵਪਾਰਿਆਂ ਇਕ ਮਹੀਨੇ ਤੋਂ ਵੀ ਉੱਪਰ ਸਮਾਂ ਬੀਤ ਚੁੱਕਾ ਹੈ, ਪਰ ਹਾਲੇ ਵੀ ਇਸ ਦੁਰਘਟਨਾ ਦਾ ਦ੍ਰਿਸ਼ ਮੇਰੀਆਂ ਅੱਖਾਂ ਅੱਗ ਜਿਉਂ ਦਾ ਤਿਉਂ ਘੁੰਮ ਰਿਹਾ ਹੈ। ਮੇਰਾ ਮਨ ਅਜੇ ਵੀ ਇਸ ਦੁਰਘਟਨਾ ਨੂੰ ਯਾਦ ਕਰਕੇ ਦੁੱਖ ਨਾਲ ਭਰ ਜਾਂਦਾ ਹੈ।