ਸਵੇਰ ਦੀ ਸੈਰ
Morning Walk
ਭੂਮਿਕਾ— “ਅਰੋਗ ਸਰੀਰ ਵਿਚ ਹੀ ਅਰੋਗ ਮਨ ਹੁੰਦਾ ਹੈ।” ਪ੍ਰਾਚੀਨ ਵਿਦਵਾਨਾਂ ਦਾ ਇਹ ਕਥਨ ਪੂਰੀ ਤਰ੍ਹਾਂ ਸੱਚ ਹੈ।ਅਰੋਗ ਸਰੀਰ ਹੀ ਮਨੁੱਖੀ ਜੀਵਨ ਦਾ ਮੂਲ ਆਧਾਰ ਸਰੀਰ ਹੀ ਹੈ। ਜੇਕਰ ਸਰੀਰ ਰੋਗੀ ਹੋਵੇਗਾ ਤਾਂ ਐਸ਼ ਭਰਪੂਰ ਹੋਣ ਤੇ ਵੀ ਮਨੁੱਖ ਜੀਵਨ ਦੇ ਸੁੱਖਾਂ ਦਾ ਉਪਭੋਗ ਨਹੀਂ ਕਰ ਸਕਦਾ। ਧਰਮ, ਅਰਥ, ਕਾਮ ਅਤੇ ਮੋਖ ਪ੍ਰਾਪਤੀ ਦਾ ਮੂਲ ਆਧਾਰ ਸਰੀਰ ਹੈ। ਸਰੀਰ ਨੂੰ ਅਰੋਗ ‘ ਅਤੇ ਤੰਦਰੁਸਤ ਰੱਖਣ ਦਾ ਸਭ ਤੋਂ ਸੋਖਾ, ਮੁਫ਼ਤ ਅਤੇ ਉਪਯੋਗੀ ਸਾਧਨ ਸਵੇਰ ਦੀ ਸੈਰ ਹੈ।
ਸਵੇਰ ਦੀ ਸੈਰ ਤੋਂ ਭਾਵ— ਸਵੇਰ ਦੀ ਸੈਰ ਤੋਂ ਭਾਵ ਸੂਰਜ ਚੜ੍ਹਨ ਤੋਂ ਪਹਿਲਾਂ ਜਾਗ ਕੇ ਸਾਫ਼ ਪ੍ਰਦੂਸ਼ਨਹੀਣ ਪ੍ਰਕਿਰਤੀ ਵਿਚ ਘੁੰਮਣਾ।ਰੇਲੇ-ਰੱਪੇ ਤੋਂ ਸੱਖਣੇ ਵਾਤਾਵਰਨ ਵਿਚ ਸਵੇਰ ਦੀ ਸੈਰ ਦਿਮਾਗ਼ ਅਤੇ ਸਰੀਰ ਦੋਹਾਂ ਨੂੰ ਤਾਜ਼ਗੀ ਦੇਣ ਵਾਲੀ ਹੁੰਦੀ ਹੈ, ਸਵੇਰ ਦੀ ਸੈਰ ਵਾਤਾਵਰਨ ਦੀ ਸ਼ੁੱਧਤਾ ਦੇ ਕਾਰਨ ਬਹੁਤ ਹੀ ਲਾਭਦਾਇਕ ਹੁੰਦੀ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਉਠ ਕੇ ਸੈਰ ਕਰਨ ਵਾਲਾ ਸਦਾ ਲਾਭ ਪ੍ਰਾਪਤ ਕਰਦਾ ਹੈ। ਸਾਡੇ ਸ਼ਾਸਤਰਾਂ ਵਿਚ ਵੀ ਸਵੇਰੇ ਜਲਦੀ ਉਠਣ ਦੀ ਪ੍ਰੇਰਨਾ ਕੀਤੀ ਗਈ ਹੈ। ਅੰਗਰੇਜ਼ੀ ਵਿਦਵਾਨਾਂ ਨੇ ਵੀ ਸਵੇਰੇ ਉੱਠਣ ਦੇ ਮਹੱਤਵ ਨੂੰ ਸਪੱਸ਼ਟ ਕਰਦੇ ਹੋਏ ਆਖਿਆ ਹੈ ਕਿ–
“Early to bed early to rise, makes a man healthy, wealthy and wise.”
ਸਵੇਰ ਦੀ ਸੈਰ ਅਰੋਗਤਾ, ਪ੍ਰਸ਼ੰਨਤਾ, ਤਾਜ਼ਗੀ ਅਤੇ ਲੰਮੀ ਉਮਰ ਲਈ ਬਹੁਤ ਲਾਭਦਾਇਕ ਹੈ। ਸਵੇਰ ਦੀ ਸੈਰ ਸਰੀਰਕ, ਮਾਨਸਿਕ ਅਤੇ ਦਿਮਾਗ਼ੀ ਬੋਝ ਨੂੰ ਹਲਕਾ ਕਰਦੀ ਹੈ। ਇਸ ਲਈ ਹਰ ਕੋਈ ਅਮ੍ਰਿਤ ਵੇਲੇ ਦੀ ਠੰਢੀ ਹਵਾ ਦੇ ਫਰਾਟਿਆ ਦਾ ਅਨੰਦ ਮਾਨਣ ਦਾ ਚਾਹਵਾਨ ਹੁੰਦਾ ਹੈ। ਚੜ੍ਹਦੇ ਸੂਰਜ ਦੀ ਲਾਲੀ ਅਤੇ ਕੋਸੀ-ਕੋਸੀ ਧੁੱਪ ਨੂੰ ਧਰਤੀ ਦੀ ਹਿੱਕ ਤੇ ਪਸਰਦਿਆਂ ਵੇਖ ਕੇ ਹਰ ਕੋਈ ਮਸਤ ਅਤੇ ਖੀਵਾ ਹੋ ਕੇ ਨੱਚ ਉਠਦਾ ਹੈ।
ਲੋੜ- ਸਵੇਰ ਜਾਂ ਅੰਮ੍ਰਿਤ ਵੇਲੇ ਦੀ ਸੈਰ ਸਾਡੇ ਸਰੀਰ ਲਈ ਉੱਨ੍ਹੀ ਹੀ ਜ਼ਰੂਰੀ ਹੈ ਜਿੰਨਾ ਕਿ ਅੰਨ-ਪਾਣੀ। ਸੈਰ ਕਰਦਿਆਂ ਸਰੀਰ ਦੀ ਆਪਣੇ ਆਪ ਕਸਰਤ ਹੋ ਜਾਂਦੀ ਹੈ।ਦਿਮਾਗ਼ੀ ਤੋਰ ਤੇ ਫੁਰਤੀ ਆਉਂਦੀ ਹੈ। ਸਰੀਰ ਵਿਚ ਨਵਾਂ ਜੋਸ਼ ਭਰ ਜਾਂਦਾ ਹੈ ਅਤੇ ਸੁੱਤੀਆਂ ਅਤੇ ਨੱਪੀਆਂ-ਘੁੱਟੀਆਂ ਸੱਧਰਾਂ, ਉਮੰਗਾਂ ਅਤੇ ਉਦਗਾਰਾਂ ਮਚਲ ਉਠਦੀਆਂ ਹਨ।
ਸਵੇਰ ਦੇ ਸਮੇਂ ਦਾ ਵਾਤਾਸਰਨ— ਸਵੇਰ ਜਾਂ ਅਮ੍ਰਿਤ ਵੇਲੇ ਕੁਦਰਤ ਦਾ ਸਾਰਾ ਵਾਯੂਮੰਡਲ ਆਪਣੇ ਪੂਰੇ ਜੋਬਨ ਅਤੇ ਨਿਖਾਰ ਵਿਚ ਹੁੰਦਾ ਹੈ।ਪੰਛੀਆਂ ਦੇ ਮਿੱਠੇ-ਮਿੱਠੇ ਬੋਲ ਸਾਰੇ ਵਾਤਾਵਰਨ ਨੂੰ ਮੁਗਧ ਕਰਕੇ ਸਜੀਵ ਰੂਪ ਪ੍ਰਦਾਨ ਕਰਦੇ ਹਨ। ਅਜਿਹੇ ਸਮੇਂ ਸੈਰ ਕਰਨ ਲਈ ਖੁਲ੍ਹੇ-ਡੁੱਲ੍ਹੇ ਖੇਤਾਂ ਵਿਚ ਜਾਂ ਬਾਹਰਲੀਆਂ ਇਕਾਂਤ ਸੜਕਾਂ ਵੱਲ ਨਿਕਲ ਜਾਣਾ ਚਾਹੀਦਾ ਹੈ। ਜੇਕਰ ਕੋਈ ਬਾਗ਼ ਜਾਂ ਘਾਹ ਵਾਲੇ ਪਾਰਕ ਹੋਣ ਤਾਂ ਉਹ ਵੀ ਸੈਰ ਲਈ ਬਹੁਤ ਚੰਗੀ ਥਾਂ ਹਨ।
ਨਿੱਖਰੀ ਹੋਈ ਪ੍ਰਕ੍ਰਿਤੀ— ਸਵੇਰ ਵੇਲੇ ਸੂਰਜ ਦੇਵਤਾ ਆਪਣੇ ਪੋਲੇ-ਪਲੇ ਹੱਥਾਂ ਨਾਲ ਜਦੋਂ ਸ਼ਰਮਾਕਲ ਸਵੇਰ ਰਾਣੀ ਦੇ ਘੁੰਡ ਨੂੰ ਖੋਲ੍ਹਦਾ ਹੈ ਤਾਂ ਉਸ ਤੋਂ ਸਦਕੇ ਜਾਂਦਾ ਸੂਰਜ ਦੇਵਤਾ ਆਪਣੇ ਸਵੱਛ ਪਿਆਰ ਦੀਆਂ ਕਿਰਨਾਂ ਨਾਲ ਧਰਤੀ ਨੂੰ ਸੋਨ-ਸੁਨਹਿਰੀ ਬਣਾ ਦਿੰਦਾ ਹੈ।ਦੂਰ-ਦੂਰ ਤੀਕ ਲਹਿ-ਲਹਿ ਕਰਦੀਆਂ ਫ਼ਸਲਾਂ ਦੀਆਂ ਪੈਲੀਆਂ ਵਿਚੋਂ ਆਉਂਦੀਆਂ ਇਲਾਹੀ ਕਨਸੋਆਂ ਅਤੇ ਸੁਗੰਧੀਆਂ ਅਨੋਖਾ ਹੀ ਰੰਗ ਬੰਨ੍ਹ ਦਿੰਦੀਆਂ ਹਨ। ਚਿੜੀਆਂ ਦੀ ਚੀਂ-ਚੀਂ ਕੋਇਲਾਂ ਦੀ ਕੂ-ਕੂ ਦੀਆਂ ਸੁਰੀਲੀਆਂ ਅਵਾਜ਼ਾਂ ਹਰ ਕਿਸੇ ਦੇ ਦਿਲ ਵਿਚ ਖੁਸ਼ੀ ਅਤੇ ਖੇੜਾ ਲੈ ਆਉਂਦੀਆਂ ਹਨ।ਪੈਲਾਂ ਪਾਉਂਦੇ ਮੋਰ ਧਰਤੀ ਮਾਂ ਨੂੰ ਚੋਰ ਕਰਦੇ ਪ੍ਰਤੀਤ ਹੁੰਦੇ ਹਨ।ਗੱਲ ਕਿ ਇਸ ਸਮੇਂ ਕੁਦਰਤ ਵਿਚੋਂ ਕਾਦਰ ਆਪ ਝਲਕਾਂ ਮਾਰਦਾ ਪ੍ਰਤੀਤ ਹੁੰਦਾ ਹੈ।
ਲਾਭ— ਸਵੇਰ ਦੀ ਸੈਰ ਸਾਡੇ ਸਰੀਰ ਲਈ ਬਹੁਤ ਉਪਯੋਗੀ ਹੈ।ਤਾਜ਼ੀ ਹਵਾ ਨਾਲ ਕੇਵਲ ਫੇਫੜਿਆਂ ਨੂੰ ਹੀ ਸ਼ਕਤੀ ਨਹੀਂ ਮਿਲਦੀ ਸਗੋਂ ਸਰੀਰ ਵੀ ਹਰ ਤਰ੍ਹਾਂ ਅਰੋਗ ਅਤੇ ਨਰੋਆਰਹਿੰਦਾ ਹੈ। ਸੈਰ ਕਰਦੇ ਸਮੇਂ ਲਹੂ ਦਾ ਪ੍ਰਵਾਹ ਤੇਜ਼ ਹੋ ਕੇ ਸਰੀਰ ਵਿਚ ਗਰਮਾਈ ਲਿਆਉਂਦਾ ਹੈ। ਪੇਟ ਦੀਆਂ ਨਾੜਾਂ ਵਿਚੋਂ ਵਾਧੂ ਮੈਲ ਤੇ ਭਾਰਾਪੰਨ ਦੂਰ ਹੋ ਜਾਂਦਾ ਹੈ। ਸਰੀਰ ਦੇ ਨਾਲ ਮਾਨਸਿਕ ਰੋਗਾਂ ਤੋਂ ਛੁਟਕਾਰਾਂ ਮਿਲਦਾ ਹੈ। ਹਰ ਪਾਸੇ ਖੇੜੇ ਨੂੰ ਵੇਖ ਕੇ ਮਨ ਵੀ ਖਿੜ-ਪੁੜ ਜਾਂਦਾ ਹੈ ਅਤੇ ਵੈਰ-ਵਿਰੋਧ ਦੀ ਭਾਵਨਾ ਮਿਟਦੀ ਹੈ। ਚਿਹਰੇ ਤੇ ਨਿਖਾਰ ਆਉਂਦਾ ਹੈ।
ਸਾਰਾਂਸ਼— ਸਵੇਰ ਸਮੇਂ ਦੀ ਸੈਰ ਸਾਨੂੰ ਪ੍ਰਾਕ੍ਰਿਤੀ ਨਾਲ ਇਕ-ਮਿਕ ਹੋਣ ਦਾ ਸੁਨੇਹਾ ਦਿੰਦੀ ਹੈ। ਸੈਰ ਬਹੁਤ ਲੰਮੀ ਜਾਂ ਥਕਾ ਦੇਣ ਵਾਲੀ ਨਹੀਂ ਹੋਣੀ ਚਾਹੀਦੀ। ਕਿਉਂਕਿ ਥਕਾਵਟ ਕੰਮ ਕਰਨ ਵਿਚ ਇਕਾਗਰਤਾ ਤੇ ਰੁਚੀ ਨੂੰ ਬਣਨ ਨਹੀਂ ਦਿੰਦੀ, ਇਸ ਲਈ ਸਵੇਰ ਵੇਲੇ ਕੀਤੀ ਸੁਖਆਵੀਂ ਸੈਰ ਮਨ ਤੇ ਅਜਿਹਾ ਉਸਾਰੂ ਪ੍ਰਭਾਵ ਪਾਉਂਦੀ ਹੈ ਕਿ ਸਾਰਾ ਦਿਨ ਚਿਹਰੇ ਤੇ ਖੇੜਾ ਅਤੇ ਮੁਸਕਰਾਹਟ ਹੀ ਛਾਈ ਰਹਿੰਦੀ ਹੈ।