ਪੜ੍ਹਾਈ ਵਿਚ ਖੇਡਾਂ ਦੀ ਥਾਂ
Padhai vich Kheda di Tha
ਜਾਂ
ਵਿਦਿਆਰਥੀ ਅਤੇ ਖੇਡਾਂ
Vidyarthi ate Kheda
ਭੂਮਿਕਾ— ਸਿੱਖਿਆ ਮਨੁੱਖ ਦੇ ਸਮੁੱਚੇ ਜੀਵਨ ਦਾ ਨਿਰਮਾਣ ਕਰਦੀ ਹੈ। ਸਿੱਖਿਆ ਤੋਂ ਭਾਵ ਕੇਵਲ ਕਿਤਾਬੀ ਗਿਆਨ-ਪ੍ਰਾਪਤੀ ਤੋਂ ਨਹੀਂ, ਸਗੋਂ ਸਿੱਖਿਆ ਦਾ ਉਦੇਸ ਤਾਂ ਵਿਅਕਤੀ ਦੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਸਦੇ ਸਰੀਰਕ ਵਿਕਾਸ ਵੱਲ ਵੀ ਧਿਆਨ ਦੇਣਾ ਹੈ।ਇਹ ਤਾਂ ਸਾਰੇ ਜਾਣਦੇ ਹਨ ਕਿ-
“ ਇਕ ਅਰੋਗ ਸਰੀਰ ਵਿਚ ਹੀ ਇਕ ਅਰੋਗ ਮਨ ਹੁੰਦਾਹੈ।”
“A sound mind in a sound body.”
ਜੇਕਰ ਸਰੀਰ ਹੀ ਅਰੋਗ ਰਹੇਗਾ ਤਾਂ ਮਨੁੱਖ ਪੜ੍ਹਨ ਦੀ ਚਾਹ ਕਰਕੇ ਵੀ ਪੜ੍ਹ ਲਿਖ ਨਹੀਂ ਸਕੇਗਾ। ਇਸ ਲਈ ਸੰਪੂਰਨ ਗਿਆਨ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਵਿਅਕਤੀ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀ ਸਰੀਰਕ ਅਰੋਗਤਾ ਵੱਲ ਸਮੁੱਚਾ ਧਿਆਨ ਦੇਵੇ।
ਅੰਗਰੇਜ਼ਾਂ ਦਾ ਪ੍ਰਸਿੱਧ ਜਰਨੈਲ ਡਿਊਕ ਆਫ ਵਾਲਿੰਗਟਨ (Duke of Wallington) ਇਹ ਗੱਲ ਬੜੇ ਹੀ ਮਾਨ ਨਾਲ ਆਖਿਆ ਕਰਦਾ ਸੀ ਕਿ “ਮੈਂ ਫਰਾਂਸ ਦੇ ਯੁੱਧ ਨੈਪੋਲੀਅਨ ਨਾਲ ਲੜਿਆ, ਵਾਟਰਲ ਦਾ ਯੁੱਧ, ਰਣ ਭੂਮੀ ਵਿਚ ਨਹੀਂ, ਸਗੋਂ ਈਟਨ Eton ਦੇ ਹੋਰ ਦੇ ਖੇਡ ਦੇ ਮੈਦਾਨ ਵਿਚ ਜਿੱਤਿਆ ਹੈ।” ਵਾਸ਼ਿੰਗਟਨ ਦੇ ਇਸ ਕਥਨ ਵਿਚ ਜੀਵਨ ਦਰਸ਼ਨ ਦੀ ਇਕ ਸਚਾਈ ਛੱਪੀ ਹੋਈ ਹੈ।ਉਸ ਦੇ ਆਖਣ ਦਾ ਭਾਵ ਇਹ ਸੀ ਕਿ ਈਟਨ ਅਤੇ ਹੋਰ ਜਿਹੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਖੇਡ ਦੇ ਮੈਦਾਨਾਂ ਵਿਚ ਖੇਡ ਦੇ ਅਨੁਸ਼ਾਸਨ ਦੁਆਰਾ ਜੋ ਗੁਣ ਧਾਰਨ ਕੀਤੇ, ਉਹਨਾਂ ਗੁਣਾਂ ਕਾਰਨ ਹੀ ਉਸੇ ਅਨੁਸ਼ਾਸਨ ਤੇ ਚਲਦਿਆਂ, ਉਹਨਾਂ ਨੇ ਵਾਟਰਲੂ ਦੀ ਭਿਆਨਕ ਜੰਗ ਜਿੱਤੀ ਸੀ।
ਖੇਡਾਂ ਦਾ ਜੀਵਨ ਨਾਲ ਸੰਬੰਧ– ਖੇਡਾਂ ਦਾ ਮਨੁੱਖੀ ਜੀਵਨ ਨਾਲ ਅਨਿਖੜਵਾਂ ਅਤੇ ਅਟੁੱਟ ਸੰਬੰਧ ਹੈ। ਖੇਡਾਂ ਸਾਡੇ ਲਈ ਉਨ੍ਹੀਆਂ ਹੀ ਲੋੜੀਂਦੀਆਂ ਹਨ ਜਿੰਨਾ ਕਿ ਖਾਣਾ-ਪੀਣਾ, ਉਠਣਾ-ਬੈਠਣਾ, ਸੌਣਾ ਅਤੇ ਹਵਾ ਪਾਣੀ ਆਦਿ।ਇਹਨਾਂ ਖੇਡਾਂ ਦੁਆਰਾ ਹੀ ਅਸੀਂ ਸ਼ਰੀਰਕ ਅਤੇ ਮਾਨਸਿਕ ਸੰਤੁਲਨ ਕਾਇਮ ਰੱਖ ਸਕਦੇ ਹਾਂ।
ਖੇਡਾਂ ਤੇ ਵਿਦਿਆਰਥੀ— ਖੇਡਾਂ ਦਾ ਪੜ੍ਹਾਈ ਨਾਲ ਸਰੀਰ ਅਤੇ ਆਤਮਾ ਵਾਲਾ ਸੰਬੰਧ ਹੈ।ਵਿਦਿਆ ਦਾ ਅਸਲੀ ਮਨੋਰਥ ਨਿਰਾ ਕਿਤਾਬੀ ਗਿਆਨ ਪ੍ਰਾਪਤ ਕਰਨਾ ਹੀ ਨਹੀਂ, ਸਗੋਂ ਚੰਗੇਰਾ ਅਤੇ ਸੁਖਾਵਾਂ ਜੀਵਨ ਜੀਉਣ ਦੀ ਜਾਂਚ ਸਿਖਣਾ ਵੀ ਹੈ। ਜੋ ਪ੍ਰਭਾਵ ਅਸੀਂ ਵਿਦਿਆਰਥੀ ਜੀਵਨ ਵਿਚ ਧਾਰਨ ਕਰ ਲਵਾਂਗੇ, ਉਹਨਾਂ ਦੀਆਂ ਨੀਹਾਂ ਤੇ ਹੀ ਸਾਡੀ ਸ਼ਖਸੀਅਤ ਦਾ ਨਿਰਮਾਣ ਹੋਵੇਗਾ।
ਸਰੀਰਕ ਅਤੇ ਦਿਮਾਗੀ ਅਰੋਗਤਾ— ਯੋਗਤਾ ਦਾ ਮਾਪ-ਦੰਡ, ਪ੍ਰੀਖਿਆ ਵਿਚ ਪ੍ਰਾਪਤ ਕੀਤੇ ਨਿਰੇ ਨੰਬਰ ਹੀ ਨਹੀਂ ਹੁੰਦੇ, ਸਗੋਂ ਸਰੀਰ ਅਤੇ ਦਿਮਾਗ਼ੀ ਪੱਧਰ ਨੂੰ ਵੀ ਮਿਥਿਆ ਜਾਂਦਾ ਹੈ। ਪ੍ਰਾਚੀਨ ਕਾਲ ਵਿਚ ਵਿਦਿਆ ਦੁਆਰਾ ਸ਼ਖਸੀਅਤ ਦਾ ਸਰਬ-ਪੱਖੀ ਵਿਕਾਸ ਹੁੰਦਾ ਸੀ। ਪਰ ਅਜੋਕੀ ਵਿਦਿਆ ਦਾ ਮਨੋਰਥ ਕਿਤਾਬੀ ਗਿਆਨ ਵੱਲ ਹੀ ਵਧੇਰੇ ਕੇਂਦਰਤ ਹੁੰਦਾ ਹੈ। ਕਿਤਾਬੀ ਪੜ੍ਹਾਈ ਨਾਲ ਭਾਵੇਂ ਮਾਨਸਿਕ ਪੱਧਰ ਉੱਚਾ ਹੋ ਜਾਂਦਾ ਹੈ ਅਤੇ ਜਾਣਕਾਰੀ ਵੀ ਵਧ ਜਾਂਦੀ ਹੈ, ਪਰ ਇਹ ਸਭ ਕੁਝ ਹੁੰਦਿਆ ਵੀ ਜੇਕਰ ਵਿਦਿਆਰਥੀ ਸਰੀਰਕ ਤੌਰ ਤੇ ਕਮਜ਼ੋਰ ਹੈ, ਚਿਹਰਾ ਪੀਲਾ-ਭੂਕ ਹੈ ਅਤੇ ਨਿਗਾਹ ਕਮਜ਼ੋਰ ਹੈ ਤਾਂ ਅਜਿਹੀ ਵਿਦਿਆ ਉਸ ਦੇ ਮਨ ਵਿਚ ਖੁਸ਼ੀ ਦੀ ਤਰੰਗ ਨਹੀਂ ਭਰ ਸਕਦੀ। ਇਸੇ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣਾ ਵੀ ਜ਼ਰੂਰੀ ਹੈ। ਸਰੀਰਕ ਪੱਖ ਨੂੰ ਮੁੱਖ ਰੱਖਦਿਆਂ ਹੀ ਸਕੂਲਾਂ ਅਤੇ ਕਾਲਜਾਂ ਵਿਚ ਐਨ. ਸੀ. ਸੀ., ਸਕਾਊਟਿੰਗ ਆਦਿ ਕਰਵਾਈ ਜਾਂਦੀ ਹੈ।
ਚੰਗੇ ਆਚਰਣ ਦਾ ਨਿਰਮਾਣ— ਸੁਚੱਜੇ ਢੰਗ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ਦੁਆਰਾ ਸਾਡੇ ਸਰੀਰਕ ਵਿਕਾਸ ਦੇ ਨਾਲ-ਨਾਲ ਆਚਰਕ ਵਿਕਾਸ ਵੀ ਸਹਿਜ-ਸੁਭਾ ਹੋਣ ਲੱਗ ਪੈਂਦਾ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਖੇਡਾਂ ਨਾਲ ਸਾਡੇ ਸਰੀਰ ਨੂੰ ਸ਼ਕਤੀ, ਫੁਰਤੀਲਾਪਨ, ਚੁਸਤੀ ਅਤੇ ਨਰੋਆਪਨ ਆਉਂਦੇ ਹਨ।ਪਰ ਇਹਨਾਂ ਦੇ ਨਾਲ-ਨਾਲ ਸਾਮੂਹਿਕ ਤੌਰ ਤੇ ਖੇਡਣ ਕਾਰਨ ਵਫਾਦਾਰੀ, ਦੇਸ ਪਿਆਰ, ਦੁੱਖ ਅਤੇ ਔਕੜ ਨੂੰ ਖਿੜੇ-ਮੱਥੇ ਸਹਿਣ ਕਰਨ ਦੀ ਸ਼ਕਤੀ, ਉਤਸ਼ਾਹ, ਧੀਰਜ ਆਦਿ ਆਚਰਣਕ ਗੁਣ ਵੀ ਸਾਡੀ ਸ਼ਖਸੀਅਤ ਨੂੰ ਨਾਲ-ਨਾਲ ਸ਼ਿੰਗਾਰਦੇ ਹਨ।
ਦਿਲ ਪਰਚਾਵੇ ਦਾ ਸਾਧਨ— ਖੇਡਾਂ ਮਨੋਰੰਜਨ ਅਤੇ ਦਿਲ-ਪਰਚਾਵੇ ਦਾ ਵਧੀਆ ਸਾਧਨ ਹਨ।ਨਿਯਤ ਪਾਠ-ਕ੍ਰਮ ਦੀਆਂ ਪੁਸਕਤਾਂ ਪੜ੍ਹ-ਪੜ੍ਹ ਕੇ ਮਨ ਭਾਹੀ ਹੋ ਕਿ ਅੱਕ ਅਤੇ ਬੱਕਜਾਂਦਾ ਹੈ।ਅਜਿਹੇ ਸਮੇਂ ਖੇਡਾਂ ਦਿਲ-ਪ੍ਰਚਾਵੇ ਦਾ ਸਾਧਨ ਬਣਦੀਆਂ ਹਨ।ਕਈ ਮੌਕਿਆਂ ਤੇ ਖੁਲ੍ਹ ਕੇ ਹੱਸਣ ਦਾ ਮੌਕਾ ਮਿਲਦਾ ਹੈ। ਇੰਝ ਮਨ ਖੁਸ਼ੀ ਅਤੇ ਖੇੜੇ ਵਿਚ ਆ ਕੇ ਨੱਚ ਉੱਠਦਾ ਹੈ।
ਆਸ਼ਾਵਾਦੀ ਬਣਨਾ— ਹਰ ਖਿਡਾਰੀ ਆਸ਼ਾਵਾਦੀ ਹੁੰਦਾ ਹੈ। ਉਹ ਖੇਡਾਂ ਜਿੱਤ-ਜਿੱਤ ਅਤੇ ਹਾਰ-ਹਾਰ ਕੇ ਧੀਰਜ ਅਤੇ ਸਹਿਨਸ਼ੀਲਤਾ ਦੇ ਗੁਣ ਪ੍ਰਾਪਤ ਕਰਦਾ ਹੈ।ਇਹ ਖੇਡਾਂ ਹੀ ਵਿਅਕਤੀ ਨੂੰ ਜੀਵਨ ਦੀਆਂ ਹਾਰਾਂ ਜਾਂ ਔਕੜਾਂ ਦਾ ਟਾਕਰਾ ਕਰਨ ਦੀ ਸ਼ਕਤੀ ਬਖਸ਼ਦੀਆਂ ਹਨ।
ਅਨੁਸ਼ਾਸਨ ਦੀ ਭਾਵਨਾ- ਖੇਡਾਂ ਦੁਆਰਾ ਅਨੁਸ਼ਾਸਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ ਕਿਉਂਕਿ ਖੇਡਦੇ ਸਮੇਂ ਸਾਰੇ ਖਿਡਾਰੀਆਂ ਨੂੰ ਉਸ ਖੇਡ ਦੇ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ।ਇੰਝ ਕੁਝ ਨਿਯਮਾਂ ਵਿਚ ਬੱਝ ਕੇ ਵਿਦਿਆਰਥੀ ਵਿਚ ਅਨੁਸ਼ਾਸਨ ਤੇ ਪ੍ਰੇਮ ਦੀ ਭਾਵਨਾ ਜਾਗ ਪੈਂਦੀ ਹੈ ਜਿਹੜੀ ਜੀਵਨ ਵਿਚ ਸਫ਼ਲ ਹੋਣ ਦੀ ਪਹਿਲੀ ਪੌੜੀ ਹੈ।
ਮਨੁੱਖੀ ਗੁਣਾਂ ਦਾ ਵਿਕਾਸ- ਖੇਡਾਂ ਨਾਲ ਕੇਵਲ ਸਰੀਰ ਨੂੰ ਸ਼ਕਤੀ ਹੀ ਨਹੀਂ ਮਿਲਦੀ, ਸਗੋਂ ਵਿਅਕਤੀ ਵਿਚ ਅਨੇਕ ਮਨੁੱਖੀ ਗੁਣਾਂ ਦਾ ਵਿਕਾਸ ਹੁੰਦਾ ਹੈ। ਜੀਵਨ ਦੇ ਮਨੁੱਖੀ ਪੱਖ ਵਿਚ ਪਿਆਰ, ਸਹਿਯੋਗ, ਸਹਿਣਸ਼ੀਲਤਾ ਦਾ ਆਪਣਾ ਮਹੱਤਵ ਹੈ। ਖੇਡਾਂ ਨੈਤਿਕ ਪੱਖ ਨੂੰ ਵੀ ਉਭਾਰਦੀਆਂ ਹਨ।ਸਹਿਯੋਗ ਨਾਲ ਮਨੁੱਖ ਵਿਚ ਸਮਾਜਿਕ ਸੰਪਰਕ ਦੀ ਭਾਵਨਾ ਵੀ ਵਧਦੀ ਹੈ, ਉਹ ਅਸਾਨੀ ਨਾਲ ਦੂਜਿਆਂ ਨਾਲ ਮਿੱਤਰਤਾਪੂਰਬਕ ਸੰਬੰਧ ਕਾਇਮ ਕਰ ਲੈਂਦਾ ਹੈ, ਜਿਸ ਨਾਲ ਉਸ ਦਾ ਸਮਾਜਿਕ ਅਤੇ ਪੇਸ਼ਾਵਰਾਨਾ ਜੀਵਨ ਉੱਜਲ ਹੁੰਦਾ ਹੈ।
ਸਾਰਾਂਸ਼— ਜੀਵਨ ਵਿਚ ਖੇਡਾਂ ਦਾ ਬਹੁਤ ਵਧੇਰੇ ਮਹੱਤਵ ਹੋਣ ਕਾਰਨ ਹੀ ਅੱਜ ਹਰ ਕੋਈ ਇਸ ਦੇ ਪੱਖ ਵਿਚ ਹੈ।ਖੇਡਾਂ ਵਿਦਿਆਰਥੀਆਂ ਵਿਚ ਅਰੰਭ ਤੋਂ ਹੀ ਸਾਮੂਹਿਕ ਭਾਵਨਾ ਨੂੰ ਜਗਾ ਕੇ ਪਰਿਵਾਰ, ਸਮਾਜ ਅਤੇ ਦੇਸ ਦੀ ਨੀਂਹ ਨੂੰ ਪੈਂਦਾ ਕਰਦੀਆਂ ਹਨ।ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਦੇ ਮਹੱਤਵ ਨੂੰ ਜਾਣਦੇ ਹੋਏ ਖੇਡਾਂ ਅਤੇ ਪੜ੍ਹਾਈ ਵਿਚ ਸੁਮੇਲ ਕਾਇਮ ਕਰਨ ਤਾਂ ਕੀ ਅੰਤਰਰਾਸ਼ਟਰੀ ਪੱਧਰ ਤੇ ਸਫ਼ਲ ਹੋ ਸਕਦੇ ਹਨ।